ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ

ਜਕਾਰਤਾ–ਉੱਭਰਦੀ ਹੋਈ ਨਿਸ਼ਾਨੇਬਾਜ਼ ਨੈਨਸੀ ਤੇ ਓਲੰਪੀਅਨ ਇਲਾਵੇਨਿਲ ਵਲਾਰਿਵਾਨ ਨੇ ਬੁੱਧਵਾਰ ਨੂੰ ਇੱਥੇ ਏਸ਼ੀਆ ਓਲੰਪਿਕ ਕੁਆਲੀਫਾਇਰ ਦੀ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਕ੍ਰਮਵਾਰ ਸੋਨ ਤੇ ਚਾਂਦੀ ਤਮਗਾ ਆਪਣੇ ਨਾਂ ਕੀਤਾ। ਜੂਨੀਅਰ ਵਿਸ਼ਵ ਟੀਮ ਦੀ ਚੈਂਪੀਅਨ ਨੈਨਸੀ ਨੇ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ 252.8 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਉੱਥੇ ਹੀ, ਹਮਵਤਨ ਇਲਾਵੇਨਿਲ ਮਾਮੂਲੀ ਫਰਕ ਨਾਲ ਸੋਨ ਤਮਗੇ ਤੋਂ ਖੁੰਝ ਗਈ। ਉਸ ਨੇ 252.7 ਅੰਕਾਂ ਨਾਲ ਚਾਂਦੀ ਤਮਗਾ ਜਿੱਤਿਆ। ਭਾਰਤ ਮਾਮੂਲੀ ਫਰਕ ਨਾਲ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਕਲੀਨ ਸਵੀਪ ਨਾਲ ਵੀ ਖੁੰਝ ਗਈ। ਮੇਹੁਲੀ ਘੋਸ਼ 210 ਅੰਕ ਨਾਲ ਚੀਨ ਦੇ ਸ਼ੇਨ ਯੁਫਾਨ ਤੋਂ ਪਿੱਛੇ ਚੌਥੇ ਸਥਾਨ ’ਤੇ ਰਹੀ। ਉੱਥੇ ਹੀ, ਭਾਰਤ ਦੇ ਵਿਸ਼ਵ ਚੈਂਪੀਅਨਸ਼ਿਪ ਨਿਸ਼ਾਨੇਬਾਜ਼ ਰੁਦ੍ਰਾਂਕਸ਼ ਪਾਟਿਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿਚ 228.7 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ। ਇਸ ਵਿਚ ਚੀਨ ਦੇ ਮਾ ਸਿਹਾਨ (251.4) ਨੇ ਸੋਨ ਤੇ ਕੋਰੀਆ ਦੇ ਦਾਏਹਾਨ ਚੋ ਨੇ ਚਾਂਦੀ ਤਮਗਾ ਹਾਸਲ ਕੀਤਾ। ਫਾਈਨਲ ਵਿਚ ਪਹੁੰਚੇ ਇਕ ਹੋਰ ਭਾਰਤੀ ਅਰਜੁਨ ਬਬੁਤਾ ਛੇਵੇਂ ਸਥਾਨ ’ਤੇ ਰਿਹਾ। ਰੁਦ੍ਰਾਂਕਸ਼ ਨੇ 630.4 ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿ ਕੇ ਫਾਈਨਲ ਵਿਚ ਲਈ ਕੁਆਲੀਫਾਈ ਕੀਤਾ ਸੀ ਜਦਕਿ ਬਬੁਤਾ (629.6) ਚੌਥੇ ਸਥਾਨ ਤੋਂ ਤਮਗਾ ਰਾਊਂਡ ’ਚ ਪਹੁੰਚਿਆ ਸੀ। ਇਸ ਤੋਂ ਪਹਿਲਾਂ ਫਾਈਨਲ ਵਿਚ ਜਗ੍ਹਾ ਬਣਾਈ ਸੀ ਜਦਕਿ ਨੈਨਸੀ ਨੇ 632.4 ਤੇ ਮੇਹੁਲੀ ਨੇ 631.0 ਅੰਕ ਨਾਲ ਕੁਆਲੀਫਾਈ ਕੀਤਾ ਸੀ।

ਜੂਨੀਅਰ ਮਹਿਲਾ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਉਹ ਕਰ ਦਿਖਾਇਆ ਜਿਹੜਾ ਸੀਨੀਅਰ ਮਹਿਲਾ ਨਿਸ਼ਾਨੇਬਾਜ਼ ਨਹੀਂ ਕਰ ਸਕੀਆਂ। ਇਸ਼ਾ ਟਕਸਾਲੇ (253.1), ਖਯਾਤੀ ਚੌਧਰੀ (251.2) ਤੇ ਅਵੀ ਰਾਠੌੜ (227.7) ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀ। ਜੂਨੀਅਰ ਲੜਕਿਆਂ ਨੇ ਵੀ ਆਪਣੇ ਸੀਨੀਅਰ ਨਿਸ਼ਾਨੇਬਾਜ਼ਾਂ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ। ਅਭਿਨਵ ਸ਼ਾਹ (250.7) ਤੇ ਪਾਰਥ ਮਾਨੇ (229.6) ਨੇ ਜੂਨੀਅਰ ਪੁਰਸ਼ ਏਅਰ ਰਾਈਫਲ ਵਿਅਕਤੀਗਤ ਪ੍ਰਤੀਯੋਗਿਤਾ ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਜਿੱਤੇ। ਇਨ੍ਹਾਂ ਦੋਵਾਂ ਨੇ ਉਮਾਮਹੇਸ਼ ਮਾਦਿਨੇਨੀ ਦੇ ਨਾਲ ਮਿਲ ਕੇ ਟੀਮ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਵੀ ਆਪਣੇ ਨਾਂ ਕੀਤਾ।

ਮਹਿਲਾਵਾਂ ਦੀ 25 ਮੀਟਰ ਪਿਸਟਲ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਦੇ ਕੁਆਲੀਫਿਕੇਸ਼ਨ ਵਿਚ 50 ਨਿਸ਼ਾਨੇਬਾਜ਼ਾਂ ਵਿਚ ਈਸ਼ਾ ਸਿੰਘ 291 ਅੰਕ ਨਾਲ ਤੀਜੇ, ਰਿਧਾ ਸਾਂਗਵਾਨ 290 ਅੰਕਾਂ ਨਾਲ 5ਵੇਂ ਤੇ ਸਿਮਰਨਪ੍ਰੀਤ ਕੌਰ ਬਰਾੜ 287 ਅੰਕਾਂ ਨਾਲ 12ਵੇਂ ਸਥਾਨ ’ਤੇ ਸੀ।

Add a Comment

Your email address will not be published. Required fields are marked *