ਦੁਬਈ ‘ਚ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਮਿਲਿਆ ‘ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ’ ਐਵਾਰਡ

ਜਲੰਧਰ : ਯੂਨਾਈਟਿਡ ਅਰਬ ਅਮੀਰਾਤ ਦੇ ਦੁਬਈ ਵਿਖੇ ਅੱਜ ‘ਦੁਬਈ ਇੰਟਰਨੈਸ਼ਨਲ ਬਿਜ਼ਨੈਸ ਐਵਾਰਡ’ ਪਿਕਸੀ ਜਾਬ ਐਂਡ ਪੰਜ ਦਰਿਆ ਯੂ.ਕੇ. ਵਲੋਂ ਕਰਵਾਇਆ ਗਿਆ, ਜਿਸ ਵਿਚ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ‘ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ’ ਦਾ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਸੋਢੀ ਨੂੰ ਕੈਨੇਡਾ ਵਿਖੇ ‘ਗਲੋਬਲ ਪ੍ਰਾਈਡ ਪੰਜਾਬੀ’ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। 

ਪੱਤਰਕਾਰ ਰਮਨਦੀਪ ਸਿੰਘ ਸੋਢੀ ਦੁਨੀਆ ਦੇ ਵੱਖ-ਵੱਖ ਦੇਸ਼ਾਂ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਦੁਬਈ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਪੰਜਾਬੀ ਪੱਤਰਕਾਰੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੇ ਪ੍ਰਸਿੱਧ ਸ਼ੋਅ ‘ਨੇਤਾ ਜੀ ਸਤਿ ਸ੍ਰੀ ਅਕਾਲ’ ਅਤੇ ‘ਜਨਤਾ ਦੀ ਸੱਥ’ ਪੰਜਾਬੀ ਡਾਇਸਪੋਰਾ ਵਿਚ ਬਹੁਤ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪ੍ਰੋਗਰਾਮਾਂ ’ਚੋਂ ਇਕ ਹਨ। 

ਸੋਢੀ ਆਪਣੀ ਪਾਰਦਰਸ਼ੀ, ਦਲੇਰੀ ਅਤੇ ਈਮਾਨਦਾਰ ਪੱਤਰਕਾਰੀ ਲਈ ਪੰਜਾਬੀ ਡਿਜੀਟਲ ਮੀਡੀਆ ’ਚ ਇਕ ਟ੍ਰੈਂਡ ਸੈੱਟਰ ਵੀ ਹਨ। ਇਸ ਲਈ ਪੰਜਾਬੀ ਮਾਂ ਬੋਲੀ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ।

ਐਵਾਰਡ ਪ੍ਰਾਪਤ ਕਰਨ ਮੌਕੇ ਉਨ੍ਹਾਂ ਕਿਹਾ ਕਿ ਉਹ ‘ਪਿਕਸੀਜੌਬ’ ਤੇ ‘ਪੰਜ ਦਰਿਆ ਯੂਕੇ’ ਦੇ ਤਹਿ ਦਿਲੋਂ ਧੰਨਵਾਦੀ ਹਨ। ਮੌਕੇ ‘ਤੇ ਮੌਜੂਦ ਮੁੱਖ ਮਹਿਮਾਨਾਂ ਦਾ ਵੀ ਉਨ੍ਹਾਂ ਨੇ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਦੁਬਈ ਸ਼ੁਰੂ ਤੋਂ ਹੀ ਉਨ੍ਹਾਂ ਦਾ ਪਸੰਦੀਦਾ ਦੇਸ਼ ਰਿਹਾ ਹੈ। 

ਇਸ ਤੋਂ ਬਾਅਦ ਉਨ੍ਹਾਂ ਐਵਾਰਡ ਬਾਰੇ ਬੋਲਦਿਆਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਇਕੱਲਿਆਂ ਦਾ ਨਹੀਂ, ਸਗੋਂ ਪੂਰੇ ‘ਪੰਜਾਬ ਕੇਸਰੀ’ ਗਰੁੱਪ ਦਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਮੌਕਾ ਦੇਣ ਲਈ ਆਪਣੇ ਬੌਸ ਦੇ ਵੀ ਬਹੁਤ ਧੰਨਵਾਦੀ ਹਨ।ਉਨ੍ਹਾਂ ਐਵਾਰਡ ਪ੍ਰਾਪਤ ਕਰਨ ‘ਤੇ ਆਪਣੇ ਪਰਿਵਾਰ ਨੂੰ ਤੇ ਖ਼ਾਸ ਤੌਰ ਆਪਣੀ ਪਤਨੀ ਸੰਦੀਪ ਕੌਰ ਨੂੰ ਵੀ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਦੇ ਵੀ ਦਿਲੋਂ ਧੰਨਵਾਦੀ ਹਨ ਤੇ ਕਿਹਾ ਕਿ ਕਿਸੇ ਵਿਅਕਤੀ ਦੀ ਤਰੱਕੀ ਦੇਖ ਕੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਹੋਰ ਕਿਸੇ ਨੂੰ ਇੰਨੀ ਖੁਸ਼ੀ ਨਹੀਂ ਹੋ ਸਕਦੀ। 

ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਤਰੱਕੀ ਪਿੱਛੇ ਸਭ ਤੋਂ ਵੱਡਾ ਹੱਥ ਮਾਂ-ਬਾਪ ਦਾ ਹੁੰਦਾ ਹੈ। ਦੁਨੀਆ ‘ਤੇ ਸਿਰਫ਼ ਮਾਤਾ-ਪਿਤਾ ਹੀ ਅਜਿਹੇ ਲੋਕ ਹੁੰਦੇ ਹਨ, ਜੋ ਤੁਹਾਨੂੰ ਤਰੱਕੀ ਕਰਦੇ ਦੇਖਣਾ ਚਾਹੁੰਦੇ ਹਨ ਤੇ ਉਹੀ ਹੁੰਦੇ ਹਨ ਜੋ ਤੁਹਾਨੂੰ ਖ਼ੁਦ ਤੋਂ ਉੱਚਾ ਉੱਠਦਿਆਂ ਦੇਖ ਕੇ ਖੁਸ਼ ਹੁੰਦੇ ਹਨ। ਉਨ੍ਹਾਂ ਦੀ ਔਲਾਦ ਜਦੋਂ ਉਨ੍ਹਾਂ ਤੋਂ ਵੀ ਜ਼ਿਆਦਾ ਸਫ਼ਲ ਹੋ ਜਾਂਦੀ ਹੈ ਤਾਂ ਇਕ ਪਿਉ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। 

ਅੰਤ ‘ਚ ਉਨ੍ਹਾਂ ਸਤਿੰਦਰ ਸਰਤਾਜ ਦੀਆਂ ਸਤਰਾਂ ਨਾਲ ਆਪਣੀ ਸਪੀਚ ਦੀ ਸਮਾਪਤੀ ਕੀਤੀ। ਉਨ੍ਹਾਂ ਕਿਹਾ….
”ਜਿਨ੍ਹਾਂ ਦੁਨੀਆ ‘ਤੇ ਸੱਚਾ-ਸੁੱਚਾ ਨਾਮ ਨਾ ਕਮਾਇਆ,
ਉਨ੍ਹਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ‘ਤੇ ਹੰਢਾਇਆ
ਉਨ੍ਹਾਂ ਹਰ ਮੋੜ ‘ਤੇ ਇਹ ਸਾਬਿਤ ਕਰਾਇਆ
ਕਿ ਬੁੱਤ ਸੱਟਾਂ ਸਹਿ-ਸਹਿ ਕੇ ਹੀ ਤਰਾਸ਼ ਹੁੰਦਾ ਹੈ।”

Add a Comment

Your email address will not be published. Required fields are marked *