ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾ ਦੌਰਾ ਅੱਜ ਤੋਂ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਲਕ ਤੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾਂ ਦਾ ਦੌਰਾ ਕਰਨਗੇ। ਗੌਰਤਲਬ ਹੈ ਕਿ ‘ਆਪ’ ਸਰਕਾਰ ਨਾਲ ਰਾਜਪਾਲ ਦਾ ਟਕਰਾਅ ਚੱਲਦਾ ਰਿਹਾ ਹੈ ਤੇ ਉਨ੍ਹਾਂ ਦੇ ਸਰਹੱਦੀ ਖੇਤਰ ਦੇ ਦੌਰੇ ’ਤੇ ਸਭ ਦੀ ਨਜ਼ਰ ਰਹੇਗੀ। ਲੰਘੇ ਦਸ ਮਹੀਨਿਆਂ ਦੌਰਾਨ ਰਾਜਪਾਲ ਦਾ ਇਹ ਤੀਸਰਾ ਦੌਰਾ ਹੈ। ਰਾਜਪਾਲ ਨੇ ਸਰਹੱਦੀ ਜ਼ਿਲ੍ਹਿਆਂ ਦਾ ਪਹਿਲਾ ਦੌਰਾ ਅਪਰੈਲ 2022 ਵਿਚ ਕੀਤਾ ਸੀ। ਉਸ ਵੇਲੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਸਨ। ਰਾਜਪਾਲ ਨੇ ਦੂਸਰਾ ਦੌਰਾ ਸਤੰਬਰ 2022 ਵਿਚ ਕੀਤਾ ਸੀ ਜਦੋਂ ਉਨ੍ਹਾਂ ਪੰਜਾਬ ਸਰਕਾਰ ਨੂੰ ਅਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲਿਆ ਸੀ। ਰਾਜਪਾਲ ਨੇ ਦੂਸਰੇ ਦੌਰੇ ਦੌਰਾਨ ਕੌਮਾਂਤਰੀ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਖ਼ਣਨ ਜਿਹੇ ਮੁੱਦੇ ਵੀ ਉਭਾਰੇ ਸਨ। ਵੇਰਵਿਆਂ ਅਨੁਸਾਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਲਕੇ ਦੌਰੇ ਦੌਰਾਨ ਸਰਪੰਚਾਂ ਨਾਲ ਮੁਲਾਕਾਤ ਕਰਨਗੇ ਅਤੇ ਹਰ ਜ਼ਿਲ੍ਹੇ ਵਿਚ ਪ੍ਰੈੱਸ ਵਾਰਤਾ ਵੀ ਕਰਨਗੇ। ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਦੌਰੇ ਲਈ ਹੈਲੀਕਾਪਟਰ ਮੁਹੱਈਆ ਕਰਾਇਆ ਗਿਆ ਹੈ। ਰਾਜਪਾਲ ਆਪਣਾ ਦੌਰਾ ਪਠਾਨਕੋਟ ਜ਼ਿਲ੍ਹੇ ਤੋਂ ਸ਼ੁਰੂ ਕਰਨਗੇ ਅਤੇ ਉਹ ਪਠਾਨਕੋਟ ਦੇ ਨਗਰ ਸੁਧਾਰ ਟਰੱਸਟ ਦੇ ਆਡੀਟੋਰੀਅਮ ਵਿਚ ਸਰਪੰਚਾਂ ਅਤੇ ਮੋਹਤਬਰਾਂ ਨਾਲ ਮੀਟਿੰਗ ਕਰਨਗੇ। ਭਲਕੇ ਹੀ ਰਾਜਪਾਲ ਗੁਰਦਾਸਪੁਰ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਿਚ ਇਲਾਕੇ ਦੇ ਸਰਪੰਚਾਂ ਅਤੇ ਸਮਾਜਿਕ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। ਇਸੇ ਦਿਨ ਉਹ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਗੱਲਬਾਤ ਕਰਨਗੇ। ਕੇਂਦਰੀ ਅਤੇ ਸੂਬਾਈ ਅਫ਼ਸਰਾਂ ਨਾਲ ਵੀ ਇੱਥੇ ਮੀਟਿੰਗ ਕੀਤੀ ਜਾਣੀ ਹੈ। ਦੂਸਰੇ ਦਿਨ ਦੀ ਸ਼ੁਰੂਆਤ ਵੀਰਵਾਰ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਕਰਨਗੇ ਜਿੱਥੇ ਉਹ ਐਮ.ਆਰ. ਕਾਲਜ ਵਿਚ ਸਰਪੰਚਾਂ ਨੂੰ ਮਿਲਣਗੇ ਅਤੇ ਇਸੇ ਤਰ੍ਹਾਂ ਦੁਪਹਿਰ ਬਾਅਦ ਫ਼ਿਰੋਜ਼ਪੁਰ ਵਿਚ ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਵੀ ਮਿਲਣੀ ਕੀਤੀ ਜਾਣੀ ਹੈ।

Add a Comment

Your email address will not be published. Required fields are marked *