ਪਦਮਸ਼੍ਰੀ ਸੁਰਜੀਤ ਪਾਤਰ ਦੇ ਦਿਹਾਂਤ ਨਾਲ ਵਿਦੇਸ਼ੀ ਧਰਤੀ ‘ਤੇ ਛਾਇਆ ਸੋਗ
![](http://mehakewattan.com/wp-content/uploads/2024/05/2024_5image_13_03_051743275patar-ll.jpg)
ਵੈਨਕੂਵਰ -ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਦੇ ਅਚਾਨਕ ਹੋਏ ਦਿਹਾਂਤ ‘ਤੇ ਜਿੱਥੇ ਕਿ ਸਮੁੱਚੇ ਸਹਿਤ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ। ਉਥੇ ਹੀ ਵੱਖ-ਵੱਖ ਵਿਦੇਸ਼ੀ ਧਰਤੀਆਂ ਤੇ ਕੈਨੇਡਾ ‘ਚ ਵੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ, ਕਵੀਆਂ ਅਤੇ ਹੋਰਨਾ ਬੁੱਧੀਜੀਵੀਆਂ ਵਲੋਂ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਦੁੱਖ ਪ੍ਰਗਟ ਕਰਨ ਵਾਲਿਆਂ ‘ਚ ਵੈਨਕੂਵਰ ਵਿਚਾਰ ਮੰਚ ਨਾਲ ਜੁੜੇ ਨਾਵਲਕਾਰ ਜਰਨਲ ਸਿੰਘ ਸੇਖਾ, ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਸ਼ਾਇਰ ਹਰਦਮ ਮਾਨ, ਅੰਗਰੇਜ ਬਰਾੜ, ਗਜ਼ਲ ਰੰਗ ਮੰਚ ਸਰੀ ਨਾਲ ਜੁੜੇ ਕ੍ਰਿਸ਼ਨ ਭਨੋਟ, ਜਸਵਿੰਦਰ, ਰਾਜਵੰਤ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੇ ਪ੍ਰਿਤਪਾਲ ਗਿੱਲ, ਸੁਰਜੀਤ ਮਾਧੋਪੁਰੀ, ਰਵਿੰਦਰ ਚਾਂਦ, ਸੁਰਜੀਤ ਕਲਸ਼ੀ, ਅਜਮੇਰ ਰੋਡੇ ਅਤੇ ਇੰਦਰਜੀਤ ਧਾਮੀ ਆਦਿ ਸ਼ਾਮਲ ਹਨ।
ਪਦਮਸ਼੍ਰੀ ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਲੁਧਿਆਣਾ ਵਿਚ ਆਖ਼ਰੀ ਸਾਹ ਲਏ। ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਬਾਜੇਬ, ਸੁਰ ਜ਼ਮੀਨ, ਬ੍ਰਿਖ ਅਰਜ ਕਰੇ, ਹਨੇਰੇ ਵਿਚ ਸੁਲਗਦੀ ਵਰਣਮਾਲਾ ਸ਼ਾਮਲ ਹਨ।
ਜਲੰਧਰ ਦੇ ਪਿੰਡ ਪਾਤੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਦਾ ਸਾਹਿਤ ਦੇ ਖੇਤਰ ਨੂੰ ਬਹੁਤ ਵੱਡਾ ਯੋਗਦਾਨ ਹੈ। ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ। ਉਸ ਮਗਰੋਂ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਸੇਵਾਮੁਕਤ ਹੋਏ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਸੁਰਜੀਤ ਪਾਤਰ ਨੂੰ 2012 ‘ਚ ਪਦਮਸ਼੍ਰੀ ਐਵਾਰਡ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਨੂੰ 1979 ਵਿਚ ਪੰਜਾਬ ਸਾਹਿਤ ਅਕਾਦਮੀ ਐਵਾਰਡ, 1993 ਵਿਚ ਸਾਹਿਤ ਅਕਾਦਮੀ ਐਵਾਰਡ, 1999 ਵਿਚ ਪੰਚਾਨੰਦ ਐਵਾਰਡ, 2007 ਵਿਚ ਆਨੰਦ ਕਾਵ ਸਨਮਾਨ, 2009 ਵਿਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।