ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ‘ਤੇ ਸੁੱਟੀ ਜੁੱਤੀ, ਦੋਸ਼ੀ ਗ੍ਰਿਫ਼ਤਾਰ

ਆਗਰਾ — ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ‘ਤੇ ਸ਼ੁੱਕਰਵਾਰ ਨੂੰ ਆਗਰਾ ‘ਚ ਰੈਲੀ ਦੌਰਾਨ ਇਕ ਵਿਅਕਤੀ ਨੇ ਜੁੱਤੀ ਸੁੱਟ ਦਿੱਤੀ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਮੌਰੀਆ ਫਤਿਹਪੁਰ ਸੀਕਰੀ ਤੋਂ ਪਾਰਟੀ ਉਮੀਦਵਾਰ ਦੇ ਸਮਰਥਨ ‘ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਉਸ ‘ਤੇ ਜੁੱਤੀ ਸੁੱਟ ਦਿੱਤੀ, ਉਸ ਦੀ ਪਛਾਣ ਧਰਮਿੰਦਰ ਢੱਕਰੇ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਜਿਵੇਂ ਹੀ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉੱਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਅਖਿਲ ਭਾਰਤ ਹਿੰਦੂ ਮਹਾਸਭਾ (ਏ.ਬੀ.ਐੱਚ.ਐੱਮ.) ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਢਾਕਰੇ ਉਸ ਦੇ ਸੰਗਠਨ ਨਾਲ ਜੁੜਿਆ ਹੋਇਆ ਸੀ। ਮੌਰਿਆ ਨੇ ਫਰਵਰੀ ਵਿੱਚ ਸਮਾਜਵਾਦੀ ਪਾਰਟੀ ਛੱਡ ਕੇ ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ ਬਣਾਈ ਸੀ। ਮਹਾਸਭਾ ਦੇ ਬੁਲਾਰੇ ਸੰਜੇ ਜਾਟ ਨੇ ਪੀਟੀਆਈ ਨੂੰ ਦੱਸਿਆ, “ਸਾਡੇ ਇੱਕ ਮੈਂਬਰ ਨੇ ਮੌਰਿਆ ‘ਤੇ ਜੁੱਤੀ ਸੁੱਟੀ। ਮੌਰਿਆ ਨੇ ਪਵਿੱਤਰ ਗ੍ਰੰਥ ਸ਼੍ਰੀ ਰਾਮਚਰਿਤ ਮਾਨਸ ‘ਤੇ ਪਾਬੰਦੀ ਦੀ ਮੰਗ ਕਰਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।” ਜਾਟ ਨੇ ਕਿਹਾ, “ਅਸੀਂ ਖੂਨ ਨਾਲ ਚਿੱਠੀਆਂ ਵੀ ਲਿਖੀਆਂ ਹਨ ਅਤੇ ਹਿੰਦੂ ਸੰਤਾਂ ਅਤੇ ਰਾਮਚਰਿਤਮਾਨਸ ਦਾ ਅਪਮਾਨ ਕਰਨ ਲਈ ਉਸਨੂੰ ਪਾਗਲਖਾਨੇ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਹੈ।” ਮਹਾਸਭਾ ਦੇ ਮੈਂਬਰਾਂ ਨੇ ਮੌਰਿਆ ਦੇ ਕਾਫਲੇ ‘ਤੇ ਸਿਆਹੀ ਸੁੱਟੀ ਅਤੇ ਫਤਿਹਾਬਾਦ ਤੋਂ ਲੰਘਦੇ ਸਮੇਂ ਕਾਲੇ ਝੰਡੇ ਦਿਖਾਏ। ਮੈਂਬਰਾਂ ਨੇ ਕਾਫਲੇ ‘ਤੇ ਕਾਲੀ ਸਿਆਹੀ ਸੁੱਟੀ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ।

ਜਾਟ ਨੇ ਕਿਹਾ, “ਅਸੀਂ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਫਤਿਹਾਬਾਦ ਟੋਲ ਤੋਂ ਮੌਰਿਆ ਦੇ ਕਾਫਲੇ ਦਾ ਪਿੱਛਾ ਕਰ ਰਹੇ ਸੀ। ਕੁਝ ਮੈਂਬਰਾਂ ਨੇ ਫਤਿਹਾਬਾਦ ‘ਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੌਰਿਆ ਦੇ ਲੰਘਣ ‘ਤੇ ਕਾਲੇ ਝੰਡੇ ਦਿਖਾਏ। ਇਸ ਤੋਂ ਇਲਾਵਾ ਉਨ੍ਹਾਂ ਦੀ ਕਾਰ ‘ਤੇ ਸਿਆਹੀ ਸੁੱਟੀ।” ਸਵਾਮੀ ਪ੍ਰਸਾਦ ਮੌਰਿਆ ਨੇ ਹਾਲ ਹੀ ਵਿਚ ਸਮਾਜਵਾਦੀ ਪਾਰਟੀ ਛੱਡ ਦਿੱਤੀ ਸੀ ਅਤੇ ਸਪਾ ਲੀਡਰਸ਼ਿਪ ‘ਤੇ ਵਿਤਕਰਾ ਕਰਨ ਅਤੇ ਆਪਣੇ ਬਿਆਨਾਂ ਦਾ ਬਚਾਅ ਨਾ ਕਰਨ ਦਾ ਦੋਸ਼ ਲਗਾਇਆ ਸੀ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਕੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਫਾਜ਼ਿਲਨਗਰ ਤੋਂ ਚੋਣ ਲੜੀ ਸੀ, ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Add a Comment

Your email address will not be published. Required fields are marked *