ਪੁਲਸ ਅਧਿਕਾਰੀ ਨੇ ਕੈਂਪਸ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੀਤੀ ਗੋਲੀਬਾਰੀ

ਲਾਸ ਏਂਜਲਸ : ਇਸ ਹਫਤੇ ਦੇ ਸ਼ੁਰੂ ਵਿਚ ਕੋਲੰਬੀਆ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਮਾਰਤ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਿਚ ਲੱਗੇ ਇਕ ਪੁਲਸ ਅਧਿਕਾਰੀ ਨੇ ਆਡੀਟੋਰੀਅਮ ਦੇ ਅੰਦਰ ਗੋਲੀਬਾਰੀ ਕੀਤੀ। ‘ਜ਼ਿਲ੍ਹਾ ਅਟਾਰਨੀ’ ਐਲਵਿਨ ਬ੍ਰੈਗ ਦੇ ਦਫ਼ਤਰ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਡੱਗ ਕੋਹੇਨ ਅਨੁਸਾਰ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਹੋਰ ਅਧਿਕਾਰੀ ਵੀ ਉਥੇ ਮੌਜੂਦ ਸਨ ਪਰ ਉਸ ਸਮੇਂ ਨੇੜੇ ਕੋਈ ਵਿਦਿਆਰਥੀ ਨਹੀਂ ਸੀ। 

ਅਧਿਕਾਰੀ ਨੇ ਦੱਸਿਆ ਕਿ ਬ੍ਰੈਗ ਦਾ ਦਫਤਰ ਘਟਨਾ ਦੀ ਸਮੀਖਿਆ ਕਰ ਰਿਹਾ ਹੈ। ਉਨ੍ਹਾਂ ਘਟਨਾ ਨਾਲ ਸਬੰਧਤ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਨਿਊਜ਼ ਵੈੱਬਸਾਈਟ ‘ਦਿ ਸਿਟੀ’ ਨੇ ਸਭ ਤੋਂ ਪਹਿਲਾਂ ਕੈਂਪਸ ‘ਚ ਇਕ ਪੁਲਸ ਅਧਿਕਾਰੀ ਵੱਲੋਂ ਗੋਲੀਬਾਰੀ ਦੀ ਰਿਪੋਰਟ ਦਿੱਤੀ ਸੀ। ਐਸੋਸੀਏਟਿਡ ਪ੍ਰੈਸ ਦੁਆਰਾ ਘਟਨਾ ਬਾਰੇ ਪੁੱਛੇ ਜਾਣ ‘ਤੇ ਨਿਊਯਾਰਕ ਪੁਲਸ ਵਿਭਾਗ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। 

ਗੋਲੀਬਾਰੀ ਦੀ ਘਟਨਾ ਉਦੋਂ ਵਾਪਰੀ, ਜਦੋਂ ਪੁਲਸ ਅਧਿਕਾਰੀ ਮੰਗਲਵਾਰ ਸ਼ਾਮ ਨੂੰ ਹੈਮਿਲਟਨ ਹਿੱਲ ਵਿੱਚ 20 ਘੰਟਿਆਂ ਤੋਂ ਵੱਧ ਸਮੇਂ ਤੋਂ ਡੇਰੇ ਲਾਏ ਹੋਏ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੰਪਲੈਕਸ ਵਿੱਚ ਦਾਖਲ ਹੋਏ। ਘਟਨਾ ਦੀ ਇੱਕ ਵੀਡੀਓ ਵਿੱਚ ਪੁਲਸ ਅਧਿਕਾਰੀਆਂ ਨੂੰ ਦੂਜੀ ਮੰਜ਼ਿਲ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਪੁਲਸ ਦਾ ਕਹਿਣਾ ਹੈ ਕਿ ਕੈਂਪਸ ਦੇ ਅੰਦਰ ਮੌਜੂਦ ਪ੍ਰਦਰਸ਼ਨਕਾਰੀਆਂ ਵਿਰੁੱਧ ਕੋਈ ਤਾਕਤ ਨਹੀਂ ਵਰਤੀ ਗਈ। ਮੰਗਲਵਾਰ ਨੂੰ ਕੋਲੰਬੀਆ ਯੂਨੀਵਰਸਿਟੀ ‘ਚ ਹੋਈ ਕਾਰਵਾਈ ‘ਚ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ।

Add a Comment

Your email address will not be published. Required fields are marked *