ਕੁੱਟਮਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨੇਡੀਅਨ ਨੌਜਵਾਨ ਮਨਵੀਰ ਸਿੰਘ ਨੇ ਕੀਤਾ ਆਤਮ-ਸਮਰਪਣ

ਟੋਰਾਂਟੋ – ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤਾਂ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ਸਾਲਾ ਸਿੱਖ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਤਮ-ਸਮਰਪਣ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 31 ਮਾਰਚ ਨੂੰ ਆਤਮ-ਸਮਰਪਣ ਕਰਨ ਵਾਲਾ ਮਨਵੀਰ ਸਿੰਘ ਢੇਸੀ ਸਰੀ ਵਿੱਚ ਰਹਿੰਦਾ ਹੈ ਪਰ ਪੁਲਸ ਨੇ ਕਿਹਾ ਕਿ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਬਰਨਬੀ ਵਿਚ ਵੀ ਆਉਂਦਾ-ਜਾਂਦਾ ਰਹਿੰਦਾ ਹੈ।

ਬਰਨਬੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੇ ਵਿਆਪਕ ਗ੍ਰਿਫ਼ਤਾਰੀ ਵਾਰੰਟ ਉੱਤੇ ਲੋੜੀਂਦੇ ਢੇਸੀ ਦਾ ਪਤਾ ਲਗਾਉਣ ਵਿੱਚ ਜਨਤਕ ਸਹਾਇਤਾ ਦੀ ਮੰਗ ਕੀਤੀ ਗਈ ਸੀ। ਬਰਨਬੀ ਨਾਓ ਦੀ ਰਿਪੋਰਟ ਅਨੁਸਾਰ 31 ਮਾਰਚ ਨੂੰ ਜ਼ਮਾਨਤ ਦੀ ਸੁਣਵਾਈ ਦੌਰਾਨ ਪੇਸ਼ ਕੀਤੀ ਜਾਣਕਾਰੀ ਅਨੁਸਾਰ, ਢੇਸੀ ‘ਤੇ ਲੱਗੇ ਦੋਸ਼ 13 ਮਾਰਚ ਨੂੰ ਉਸਦੀ ਸਾਬਕਾ ਪ੍ਰੇਮਿਕਾ ਦੇ ਘਰ ਕਥਿਤ ਘਟਨਾਵਾਂ ਨਾਲ ਸਬੰਧਤ ਹਨ।

ਕ੍ਰਾਊਨ ਪ੍ਰੌਸੀਕਿਊਟਰ ਜੈਨੀਫਰ ਡਾਇਕ ਦੇ ਅਨੁਸਾਰ ਉਸਦੀ ਸਾਬਕਾ ਪ੍ਰੇਮਿਕਾ, ਉਸਦੀ ਭੈਣ, ਉਸਦੀ ਭਰਜਾਈ ਅਤੇ ਉਸਦੀ ਭਰਜਾਈ ਦਾ ਭਰਾ ਸਾਰੇ ਘਰ ਵਿੱਚ ਸਨ, ਉਦੋਂ ਢੇਸੀ ਬਿਨਾਂ ਸਹਿਮਤੀ ਦੇ ਉਨ੍ਹਾਂ ਘਰ ਵਿਚ ਦਾਖ਼ਲ ਹੋ ਗਿਆ ਅਤੇ ਉਸ ਨੇ ਕਥਿਤ ਤੌਰ ‘ਤੇ 2 ਵਿਅਕਤੀਆਂ ‘ਤੇ ਹਮਲਾ ਕੀਤਾ। ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਦੇ ਜੱਜ ਜੈਫਰੀ ਕੈਂਪਬੈਲ ਨੇ ਢੇਸੀ ਨੂੰ 500 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਅਤੇ ਉਸ ਨੂੰ ਉਸ ਦੀ ਸਾਬਕਾ ਪ੍ਰੇਮਿਕਾ ਦੇ ਘਰ ਦੇ ਦੋ ਬਲਾਕਾਂ ਦੇ ਅੰਦਰ ਨਾ ਜਾਣ ਜਾਂ ਉਸ ਦੇ ਕਿਸੇ ਵੀ ਕਥਿਤ ਪੀੜਤ ਨਾਲ ਸੰਪਰਕ ਨਾ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਣੀ ਹੈ।

Add a Comment

Your email address will not be published. Required fields are marked *