ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਕਾਂਗਰਸ ਲਈ ਬਣੀ ਸਿਰਦਰਦੀ

ਹੁਸ਼ਿਆਰਪੁਰ : ਕਾਂਗਰਸ ਪਾਰਟੀ ਨੇ ਪੰਜਾਬ ਦੇ ਰਹਿੰਦੇ ਲੋਕ ਸਭਾ ਹਲਕਿਆਂ ਲਈ ਜਿੱਥੇ ਦੋ ਤੋਂ ਤਿੰਨ ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਹੈ, ਉੱਥੇ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ’ਤੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ। ਇੱਥੇ ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਸਭ ਤੋਂ ਵੱਧ ਟਿਕਟ ਦੇ ਦਾਅਵੇਦਾਰ ਹਨ, ਜਿਨਾਂ ਵੱਲੋਂ ਅਪਲਾਈ ਕੀਤਾ ਗਿਆ। ਇਸ ਸੀਟ ਉੱਪਰ ਸੀ. ਈ. ਸੀ. ਕਮੇਟੀ ਵੱਲੋਂ 2 ਵਾਰ ਚਰਚਾ ਕੀਤੀ ਜਾ ਚੁੱਕੀ ਹੈ ਪਰ ਹਾਲੇ ਤੱਕ ਕਿਸੇ ’ਤੇ ਸਹਿਮਤੀ ਨਹੀਂ ਬਣ ਸਕੀ।

ਹੁਣ ਇਸ ਸਮੇਂ ਤਿੰਨ ਨਾਂ ਫਾਈਨਲ ਕੀਤੇ ਗਏ ਹਨ, ਜਿਨ੍ਹਾਂ ’ਚੋਂ ਰਾਣਾ ਕੇ. ਪੀ. ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਦਾਅਵੇਦਾਰ ਹਨ, ਉਹ ਵਿਧਾਨ ਸਭਾ ਦੇ ਸਪੀਕਰ‌‌ ਵੀ ਰਹਿ ਚੁੱਕੇ ਹਨ ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਹੋਰ ਵੀ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਹਨ। ਅਗਲਾ ਨਾਂ ਮਹਿੰਦਰ ਸਿੰਘ ਗਿਲਜੀਆਂ ਦਾ ਹੈ, ਜੋ ਅਮਰੀਕਾ ਯੂਨਿਟ ਦੇ ਪ੍ਰਧਾਨ ਹਨ। ਉੱਥੇ ਉਹ ਓ. ਬੀ. ਸੀ. ਦੇ ਵੱਡੇ ਚਿਹਰੇ ਵੀ ਹਨ। ਪੂਰੇ ਪੰਜਾਬ ਵਿਚ 31 ਫ਼ੀਸਦੀ ਓ. ਬੀ. ਸੀ. ‌ਦੀ ਆਬਾਦੀ ਹੈ। ਕਾਂਗਰਸ ਵੱਲੋਂ ਕਿਸੇ ਵੀ ਓ. ਬੀ. ਸੀ. ਨੂੰ ਹਾਲੇ ਤੱਕ ਟਿਕਟ ਨਹੀਂ ਦਿੱਤੀ ਗਈ, ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਓ. ਬੀ. ਸੀ. ਕੈਟਾਗਰੀ ਨਾਲ ਸਬੰਧਿਤ ਵਿਅਕਤੀਆਂ ਨੂੰ ਦੋ ਸੀਟਾਂ ਦਿੱਤੀਆਂ ਹਨ, ਜਿਨ੍ਹਾਂ ’ਚ ਗੁਰਦਾਸਪੁਰ ਤੇ ਪਟਿਆਲਾ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ, ਜੋ ਕਿ ਸੰਗਰੂਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ, ਬਾਹਰੀ ਦਾਅਵੇਦਾਰ ਹਨ। ਉਹ ਪਹਿਲਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਹਨ ਤੇ ਇਸ ਵਾਰ ਵਿਧਾਨ ਸਭਾ ਚੋਣ ਹਾਰ ਚੁੱਕੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਵਿਚੋਂ ਕਿਸ ਦਾਅਵੇਦਾਰ ਨੂੰ ਪਾਰਟੀ ਵੱਲੋਂ ਆਪਣਾ ਉਮੀਦਵਾਰ ਬਣਾਇਆ ਜਾਂਦਾ ਹੈ। ਇੱਥੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸੀ. ਈ. ਸੀ. ਵੱਲੋਂ ਇਸ ਸੀਟ ਲਈ ਅਧਿਕਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੂੰ ਦਿੱਤੇ ਗਏ ਹਨ। ਇਸ ਸੀਟ ’ਤੇ ਦੁਬਾਰਾ ਵਿਚਾਰ ਕਰਨ ਲਈ ਅਗਲੀ ਮੀਟਿੰਗ 29 ਅਪ੍ਰੈਲ ਨੂੰ ਰੱਖੀ ਗਈ ਹੈ।

Add a Comment

Your email address will not be published. Required fields are marked *