ਬੰਬੀਹਾ ਗੈਂਗ ਦਾ ਗੁਰਗਾ ਹਸਪਤਾਲ ‘ਚੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ

ਫਰੀਦਕੋਟ : ਪੁਲਸ ਮੁਕਾਬਲੇ ਦੌਰਾਨ ਫੜ੍ਹਿਆ ਗਿਆ ਬੰਬੀਹਾ ਗੈਂਗ ਦਾ ਗੁਰਗਾ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਜੈਤੋਂ ਹਲਕੇ ‘ਚ ਵਪਾਰੀਆਂ ਤੋਂ ਫ਼ਿਰੌਤੀ ਮੰਗਣ ਵਾਲੇ ਅਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਬੰਬੀਹਾ ਗੈਂਗ ਦੇ 2 ਗੁਰਗਿਆਂ ਨੂੰ ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ‘ਚੋਂ ਇਕ ਗੁਰਗੇ ਸੁਰਿੰਦਰ ਬਿੱਲਾ ਦੇ ਲੱਤ ‘ਚ ਗੋਲੀ ਲੱਗੀ ਸੀ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਅੱਜ ਸਵੇਰੇ ਕਰੀਬ 4 ਵਜੇ ਉਹ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਦੱਸਣਯੋਗ ਹੈ ਕਿ ਇਸੇ ਹਸਪਤਾਲ ‘ਚ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਇਲਾਜ ਚੱਲ ਰਿਹਾ ਹੈ, ਜਿਸ ਨੂੰ ਤੇਜ਼ ਬੁਖ਼ਾਰ ਅਤੇ ਢਿੱਡ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੈਡੀਕਲ ਹਸਪਤਾਲ ਰੈਫ਼ਰ ਕੀਤਾ ਗਿਆ ਸੀ।

ਇਸ ਦੇ ਮੱਦੇਨਜ਼ਰ ਹਸਪਤਾਲ ਅੰਦਰ ਸੁਰੱਖਿਆ ਪ੍ਰੰਬਧ ਸਖ਼ਤ ਕੀਤੇ ਗਏ ਸਨ। ਇੱਥੋਂ ਤੱਕ ਕਿ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ 24 ਘੰਟੇ ਪੁਲਸ ਨਿਗਰਾਨੀ ਰੱਖ ਰਹੀ ਹੈ ਪਰ ਇੰਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇਸ ਤਰ੍ਹਾਂ ਇਕ ਅਪਰਾਧੀ ਦਾ ਫ਼ਰਾਰ ਹੋਣਾ ਕਿਤੇ ਨਾ ਕਿਤੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦਾ ਹੈ। ਹਾਲਾਂਕਿ ਪੁਲਸ ਜਲਦੀ ਹੀ ਇਸ ਅਪਰਾਧੀ ਨੂੰ ਦੁਬਾਰਾ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ ਅਤੇ ਕੁਤਾਹੀ ਵਰਤਣ ਵਾਲੇ ਸੁਰੱਖਿਆ ਮੁਲਾਜ਼ਮਾਂ ‘ਤੇ ਵੀ ਕਾਰਵਾਈ ਦੀ ਗੱਲ ਕਹਿ ਰਹੀ ਹੈ।

Add a Comment

Your email address will not be published. Required fields are marked *