ਡਿਊਟੀ ਦੌਰਾਨ ਚੱਲੀ ਅਚਾਨਕ ਗੋਲ਼ੀ ਫ਼ੌਜੀ ਜਵਾਨ ਸ਼ਹੀਦ

ਗੁਰਦਾਸਪੁਰ : ਬਟਾਲਾ ਨੇੜਲੇ ਪਿੰਡ ਮਸਾਣੀਆਂ ਦਾ ਪਰਿਵਾਰ ਜੋ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰਦੇ ਭਾਰਤੀ ਫ਼ੌਜ ‘ਚ ਨੌਕਰੀ ਕਰ ਰਿਹਾ ਹੈ, ਦੇ ਪੁੱਤ ਦੀ ਹੈਦਰਾਬਾਦ ‘ਚ ਡਿਊਟੀ ਦੌਰਾਨ ਹਾਦਸੇ ‘ਚ ਮੌਤ ਹੋ ਗਈ, ਉਥੇ ਹੀ ਜਿਵੇਂ ਹੀ ਪਿੰਡ ਅਤੇ ਪਰਿਵਾਰ ਨੂੰ ਫ਼ੌਜੀ ਜਵਾਨ ਰਾਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਜਿਵੇਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਫ਼ੌਜੀ ਰਾਜਿੰਦਰ ਸਿੰਘ ਪਿੱਛੇ ਮਾਂ, ਪਤਨੀ ਅਤੇ 2 ਬੱਚੇ ਛੱਡ ਗਿਆ। ਅੱਜ ਜਦੋਂ ਰਾਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ ਅਤੇ ਪਿੰਡ ਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਵੀ ਨਮ ਸਨ। ਉਥੇ ਹੀ ਅੰਤਿਮ ਵਿਦਾਇਗੀ ਮੌਕੇ ਪੂਰੇ ਇਲਾਕੇ ਦੇ ਲੋਕ ਇਕੱਠੇ ਹੋਏ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ।

ਅੱਜ ਜਿਵੇਂ ਹੀ ਸ਼ਹੀਦ ਰਾਜਿੰਦਰ ਸਿੰਘ ਦੀ ਤਿਰੰਗੇ ਵਿੱਚ ਲਪੇਟੀ ਹੋਈ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ। ਪਰਿਵਾਰ ‘ਚ ਧੀ, ਪੁੱਤ, ਪਤਨੀ, ਮਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਫ਼ੌਜੀ ਰਾਜਿੰਦਰ ਸਿੰਘ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਬੀਤੇ 2 ਮਹੀਨੇ ਪਹਿਲਾਂ ਉਹ ਛੁੱਟੀ ਕਟ ਕੇ ਵਾਪਸ ਆਪਣੀ ਯੂਨਿਟ ਹੈਦਰਾਬਾਦ ਗਏ ਸੀ ਅਤੇ ਪਰਿਵਾਰ ਨਾਲ ਵੀ ਕੁਝ ਦਿਨ ਪਹਿਲਾਂ ਫੋਨ ‘ਤੇ ਗੱਲ ਹੋਈ ਸੀ ਪਰ ਉਨ੍ਹਾਂ ਨੂੰ ਬੀਤੀ ਕੱਲ੍ਹ ਸਵੇਰ ਯੂਨਿਟ ਤੋਂ ਫੋਨ ਆਇਆ ਕਿ ਰਾਜਿੰਦਰ ਸਿੰਘ ਦੀ ਇਕ ਹਾਦਸੇ ‘ਚ ਗੋਲ਼ੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ ਹਨ ਅਤੇ ਕੁਝ ਸਮੇਂ ਬਾਅਦ ਫੋਨ ਆਇਆ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਜਿੰਦਰ ਮਿਲਣਸਾਰ ਅਤੇ ਖੁਸ਼ਦਿਲ ਸੁਭਾਅ ਦਾ ਮਾਲਕ ਸੀ ਅਤੇ ਹਰ ਕਿਸੇ ਦੀ ਮਦਦ ਕਰਦਾ ਸੀ। ਪਰਿਵਾਰ ‘ਚ ਫ਼ੌਜ ਦੀ ਨੌਕਰੀ ਕਰਦੇ ਤੀਸਰੀ ਪੀੜ੍ਹੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋਇਆ ਹੈ, ਇਹ ਮਾਣ ਵੀ ਹੈ ਪਰ ਉਸ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋਣ ਵਾਲਾ ਹੈ।

Add a Comment

Your email address will not be published. Required fields are marked *