ਦਾਣਾ ਮੰਡੀ ‘ਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ

ਚੌਂਕ ਮਹਿਤਾ- ਦਾਣਾ ਮੰਡੀ ਭੋਏਵਾਲ ਵਿਚ ਕਣਕ ਦੀਆਂ ਬੋਰੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਸਬੰਧਤ ਆੜ੍ਹਤੀਏ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅੱਜ ਇੱਥੇ ਮਾਰਕੀਟ ਕਮੇਟੀ ਮਹਿਤਾ ਅਧੀਨ ਫੋਕਲ ਪੁਆਇਟ ਮੰਡੀ ਭੋਏਵਾਲ ਵਿਖ਼ੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਸਰਕਾਰੀ ਬਰਦਾਨੇ ਵਿਚ ਭਰੀ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ। ਇਸ ਸਮੇਂ ਮੰਡੀ ਵਿਚ ਮੌਜੂਦ ਲੇਬਰ ਅਤੇ ਹੋਰਨਾਂ ਲੋਕਾਂ ਨੇ ਅੱਗ ਨੂੰ ਬੁਝਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ।

 ਇੱਥੇ ਜੀ. ਕੇ. ਟਰੇਡਿੰਗ ਕੰਪਨੀ ਦੇ ਮਾਲਕ ਸਰਪੰਚ ਗੁਰਪ੍ਰੀਤ ਸਿੰਘ ਜੌਲੀ ਆੜ੍ਹਤੀਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਨਾ ਪਹੁੰਚਦੀ ਤਾਂ ਇੱਥੇ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਸਰਪੰਚ ਜੌਲੀ ਨੇ ਦੱਸਿਆ ਕਿ ਇਸ ਅੱਗ ਨਾਲ 4 ਹਜ਼ਾਰ ਦੇ ਕਰੀਬ ਸਰਕਾਰੀ ਬੋਰੀਆਂ ਸੜ ਚੁੱਕੀਆਂ ਹਨ ਅਤੇ ਕਣਕ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪਰ ਹਾਲੇ ਤਕ ਅੱਗ ਲੱਗਣ ਕਰਨਾ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਆਖਿਆ ਕਿ ਕੁੱਲ ਮਿਲਾ ਕੇ ਇਹ 4 ਲੱਖ ਰੁਪਏ ਦਾ ਨੁਕਸਾਨ ਹੈ, ਜਿਸ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈ ਲਿਆ ਹੈ। ਇਸ ਸਮੇਂ ਇੱਥੇ ਮੌਜੂਦ ਆੜ੍ਹਤੀਆ ਅਤੇ ਹੋਰ ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *