ਪੁੱਤ ਨਸ਼ੇ ਦਾ ਆਦੀ, ਘਰ ਦਾ ਖਰਚ ਪੂਰਾ ਕਰਨ ਲਈ ਮਾਂ ਬਣ ਗਈ ਨਸ਼ਾ ਸਮੱਗਲਰ

ਲੁਧਿਆਣਾ : ਨਸ਼ਾ ਸਮੱਗਲਿੰਗ ਦੇ ਧੰਦੇ ’ਚ ਔਰਤਾਂ ਵੀ ਪਿੱਛੇ ਨਹੀਂ ਹਨ। ਟਿੱਬਾ ਦੀ ਪੁਲਸ ਨੇ ਇਕ ਔਰਤ ਸਮੱਗਲਰ ਨੂੰ ਕਾਬੂ ਕੀਤਾ ਹੈ, ਜੋ ਘਰ ਦਾ ਖਰਚ ਪੂਰਾ ਕਰਨ ਲਈ ਅਤੇ ਛੇਤੀ ਅਮੀਰ ਬਣਨ ਦੇ ਚੱਕਰ ’ਚ ਨਸ਼ਾ ਸਮੱਗਲਰ ਬਣ ਗਈ। ਮੁਲਜ਼ਮ ਔਰਤ ਪੰਜਾਬੀ ਬਾਗ ਕਾਲੋਨੀ ਦੀ ਰਹਿਣ ਵਾਲੀ ਸੀਮਾ ਰਾਣੀ ਹੈ। ਉਸ ਦੇ ਕਬਜ਼ੇ ’ਚੋਂ 100 ਗ੍ਰਾਮ ਹੈਰੋਇਨ ਅਤੇ 30 ਹਜ਼ਾਰ ਡਰੱਗ ਮਨੀ ਬਰਾਮਦ ਹੋਈ ਹੈ। ਮੁਲਜ਼ਮ ਔਰਤ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਇੰਸ. ਹਰਜਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ ਟਿੱਬਾ ਦੀ ਪੁਲਸ ਪੰਜਾਬੀ ਬਾਗ ਕਾਲੋਨੀ ’ਚ ਗਸ਼ਤ ਕਰ ਰਹੀ ਸੀ ਤਾਂ ਔਰਤ ਸੀਮਾ ਰਾਣੀ ਉੱਥੋਂ ਪੈਦਲ ਗੁਜ਼ਰ ਰਹੀ ਸੀ, ਜੋ ਨਸ਼ਾ ਸਪਲਾਈ ਕਰਨ ਜਾ ਰਹੀ ਸੀ। ਪੁਲਸ ਨੂੰ ਦੇਖ ਕੇ ਮੁਲਜ਼ਮ ਔਰਤ ਘਬਰਾ ਕੇ ਪਿੱਛੇ ਮੁੜਨ ਲੱਗੀ ਤਾਂ ਪੁਲਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਹੋਈ।

ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਕਿ ਮਹਿਲਾ ਦਾ ਬੇਟਾ ਨਸ਼ੇ ਦਾ ਆਦੀ ਹੈ, ਜੋ ਕੋਈ ਕੰਮ-ਕਾਜ ਨਹੀਂ ਕਰਦਾ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ। ਇਸ ਲਈ ਔਰਤ ਨੇ ਖੁਦ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਔਰਤ ਬਾਹਰੀ ਰਾਜਾਂ ਤੋਂ ਨਸ਼ਾ ਲੈ ਕੇ ਆਉਂਦੀ ਸੀ ਅਤੇ ਅੱਗੇ ਸਪਲਾਈ ਕਰਦੀ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *