ਕਾਂਗਰਸੀ ਆਗੂ ਦੇ ਘਰ ਦੇ ਬਾਹਰ ਹੋਈ ਫਾਇਰਿੰਗ

ਫਿਰੋਜ਼ਪੁਰ – ਫਿਰੋਜ਼ਪੁਰ ਸ਼ਹਿਰ ਦੇ ਜੋਸ਼ੀ ਪੈਲੇਸ ਵਾਲੀ ਜਗ੍ਹਾ ਦੇ ਬਿਲਕੁਲ ਸਾਹਮਣੇ ਬੀਤੀ ਰਾਤ ਕਰੀਬ 12:40 ਵਜੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਤੁਰੰਤ ਫਿਰੋਜ਼ਪੁਰ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ ਤੇ ਥੋਡ਼੍ਹੇ ਸਮੇਂ ਬਾਅਦ ਪੁਲਸ ਪੈਟਰੋਲਿੰਗ ਪਾਰਟੀ ਉਥੇ ਪਹੁੰਚ ਗਈ ਤੇ ਇਸ ਘਟਨਾ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵਲੋਂ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੀ ਆਵਾ ਬਸਤੀ ’ਚ ਖਡ਼੍ਹੀ ਡਿਜ਼ਾਇਰ ਕਾਰ ’ਤੇ ਵੀ ਫਾਇਰਿੰਗ ਕੀਤੀ।

ਇਸ ਮੌਕੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ, ਉਨ੍ਹਾਂ ਦੀ ਪਤਨੀ ਰੰਜਨਾ ਢਿੱਲੋਂ ਤੇ ਗੁਆਂਢੀਆਂ ਨੇ ਦੱਸਿਆ ਕਿ ਰਾਤ ਕਰੀਬ 12:40 ਵਜੇ ਉਨ੍ਹਾਂ ਨੂੰ ਪਹਿਲਾਂ 3 ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਇਕਦਮ ਫਾਇਰ ਹੋਏ।

ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਫਾਇਰਿੰਗ ਹੋਈ ਹੈ, ਉਸ ਤੋਂ ਇੰਝ ਜਾਪਦਾ ਹੈ ਕਿ ਫਾਇਰਿੰਗ ਕਰਨ ਵਾਲਿਆਂ ਕੋਲ ਆਟੋਮੈਟਿਕ ਹਥਿਆਰ ਸਨ। ਉਨ੍ਹਾਂ ਨੇ ਇਸ ਘਟਨਾ ਸਬੰਧੀ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਕੁਝ ਸਮੇਂ ਬਾਅਦ ਪੁਲਸ ਪੈਟ੍ਰੋਲਿੰਗ ਪਾਰਟੀ ਉਨ੍ਹਾਂ ਕੋਲ ਪਹੁੰਚ ਗਈ ਤੇ ਸਵੇਰੇ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਤੇ ਫਿਰ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਫਾਇਰਿੰਗ ਕਰਨ ਵਾਲਿਆਂ ਦਾ ਜਲਦ ਪਤਾ ਲਾਉਣ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਵੱਖ-ਵੱਖ ਪੁਲਸ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਫਾਇਰਿੰਗ ਕਰਨ ਵਾਲਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੁਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਸ ਘਟਨਾ ਤੋਂ ਕੁਝ ਦੇਰ ਬਾਅਦ ਹੀ ਸ਼ਹਿਰ ਦੀ ਬਸਤੀ ਆਵਾ ’ਚ ਵੀ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਈ ਹੈ। ਗੁਰਦੀਪ ਸਿੰਘ ਢਿੱਲੋਂ, ਉਨ੍ਹਾਂ ਦੀ ਪਤਨੀ ਰੰਜਨਾ ਢਿੱਲੋਂ ਤੇ ਗਲੀ ਨੰਬਰ 2 ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਫਿਰੋਜ਼ਪੁਰ ਪੁਲਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਹਥਿਆਰਬੰਦ ਵਿਅਕਤੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾ ਕੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

Add a Comment

Your email address will not be published. Required fields are marked *