ਸ਼ਿਵ ਸੈਨਾ ਆਗੂਆਂ ‘ਤੇ ਫਾਇਰਿੰਗ, ਮੋਟਰ ਸਾਈਕਲ ਮਗਰ ਲਗਾ ਚਲਾਈਆਂ ਗੋਲ਼ੀਆਂ

ਹਾਜੀਪੁਰ : ਬੀਤੇ ਦਿਨ ਤਲਵਾੜਾ ਦੇ ਡੈਮ ਰੋਡ ’ਤੇ ਪੈਂਦੀ ਬਰਫ਼ ਫੈਕਟਰੀ ਕੋਲ ਸ਼ਿਵ ਸੈਨਾ ਆਗੂਆਂ ‘ਤੇ ਹਮਲਾ ਹੋਇਆ। ਸ਼ਿਵ ਸੈਨਾ ਦੇ ਦੋ ਆਗੂ, ਜੋ ਮੋਟਰਸਾਈਕਲ ’ਤੇ ਸਵਾਰ ਸਨ, ਉਨ੍ਹਾਂ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲਾਂ ’ਤੇ ਸਵਾਰ 3 ਨੌਜਵਾਨਾਂ ’ਚੋਂ ਇਕ ਨੌਜਵਾਨ ਨੇ ਚਲਦੇ ਮੋਟਰਸਾਈਕਲ ’ਤੇ ਹੀ ਸ਼ਿਵ ਸੈਨਾ ਆਗੂਆਂ ’ਤੇ ਗੋਲ਼ੀ ਚਲਾ ਦਿੱਤੀ। ਇਸ ਹਮਲੇ ਵਿਚ ਸ਼ਿਵ ਸੈਨਾ ਦੇ ਦੋਵੇਂ ਆਗੂ ਤਾਂ ਵਾਲ-ਵਾਲ ਬਚ ਗਏ ਪਰ ਉਪਰੋਕਤ ਵਾਰਦਾਤ ਦੀ ਪੂਰੀ ਫੁਟੇਜ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਤਲਵਾੜਾ ਦੇ ਥਾਣਾ ਮੁਖੀ ਬਲਰਾਜ ਸਿੰਘ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀ.ਸੀ.ਟੀ.ਵੀ. ਫੁਟੇਜ ਵੇਖਣ ਤੋਂ ਬਾਅਦ ਉਨ੍ਹਾਂ ਵੱਲੋਂ ਦੂਜੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸ਼ਿਵ ਸੈਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸਥਾਨਕ ਆਗੂਆਂ ’ਤੇ ਹੋਏ ਉਕਤ ਹਮਲੇ ਤੋਂ ਬਾਅਦ ਸ਼ਿਵ ਸੈਨਾ ਦੇ ਵੱਡੇ ਅਹੁਦੇਦਾਰਾਂ ਵਿਚੋਂ ਰੰਜੀਤ ਰਾਣਾ, ਬੰਟੀ ਜੋਗੀ, ਸੰਨੀ, ਅਤੁੱਲ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਿਵ ਸੈਨਿਕ ਵੱਡੀ ਗਿਣਤੀ ਵਿਚ ਤਲਵਾੜਾ ਪਹੁੰਚੇ ਅਤੇ ਥਾਣਾ ਮੁਖੀ ਨਾਲ ਮਿਲੇ।

ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਥਾਣਾ ਤਲਵਾੜਾ ਪਹੁੰਚੇ ਸ਼ਿਵ ਸੈਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸੂਬਾ ਕਾਰਜਕਾਰੀ ਮੈਂਬਰ ਰੰਜੀਤ ਰਾਣਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੁਲਜ਼ਮਾਂ ਨੂੰ ਫੜਕੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਸ਼ਿਵ ਸੈਨਿਕ ਸੂਬਾ ਪੱਧਰ ’ਤੇ ਸੰਘਰਸ਼ ਕਰਨਗੇ। ਨਾਲ ਹੀ ਉਨ੍ਹਾਂ ਵੱਲੋਂ ਐੱਸ.ਐੱਚ.ਓ. ਤਲਵਾੜਾ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਵੀ ਕੀਤੀ ਗਈ ।

Add a Comment

Your email address will not be published. Required fields are marked *