ਡਾ. ਜੌੜਾ ਬਾਰੇ ਸੁਨੀਲ ਜਾਖੜ ਦੇ ਬਿਆਨ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਦਾ ਮੋੜਵਾਂ ਜਵਾਬ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਸੱਦੀ ਗਈ ਖੁੱਲ੍ਹੀ ਬਹਿਸ ਦਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਸਿਆਸੀ ਆਗੂਆਂ ਵੱਲੋਂ ਲਗਾਤਾਰ ਇਕ-ਦੂਜੇ ਬਾਰੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਅੱਜ ਮੁੱਖ ਮੰਤਰੀ ਵੱਲੋਂ ਇਸ ਬਹਿਸ ਬਾਰੇ ਵੇਰਵੇ ਸਾਂਝੇ ਕੀਤੇ ਗਏ ਜਿਸ ਵਿਚ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਬਹਿਸ ਦੌਰਾਨ ਮੰਚ ਸੰਚਾਲਨ ਡਾ. ਨਿਰਮਲ ਜੌੜਾ ਕਰਨਗੇ। ਇਸ ਮਗਰੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਖੜ੍ਹੇ ਕੀਤੇ ਸਨ। ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੁਨੀਲ ਜਾਖੜ ਦੀ ਟਿੱਪਣੀ ਨੂੰ ਗੈਰ-ਵਾਜਬ ਕਰਾਰ ਦਿੱਤਾ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਏ ਜਾ ਰਹੇ ਆਲ ਪਾਰਟੀ ਵਿਚਾਰ ਵਟਾਂਦਰੇ ਦੇ ਮੰਚ ਸੰਚਾਲਕ ਡਾ. ਨਿਰਮਲ ਜੌੜਾ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਹਲਕੀ ਪੱਧਰ ਦੀਆਂ ਟਿਪਣੀਆਂ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹਨ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਡਾਇਰੈਕਟਰ ਪੱਧਰ ਦੇ ਪ੍ਰੋਫੈਸਰ ਦੀ ਤੌਹੀਨ ਦੇ ਬਰਾਬਰ ਹੈ।

ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸੁਨੀਲ ਜਾਖੜ ਆਦਤਨ ਹਲਕੀਆਂ ਟਿਪਣੀਆਂ ਕਰਕੇ ਜਾਣੇ ਜਾਂਦੇ ਹਨ। ਇਸੇ ਸੁਨੀਲ ਜਾਖੜ ਨੇ ਇਕ ਵਾਰ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਬਿਆਨ ਵੀ ਦਿੱਤਾ ਸੀ। ਧਾਲੀਵਾਲ ਨੇ ਕਿਹਾ ਕਿ ਲੋਕਾਂ ਦੀ ਚੁਣੀ ਸਰਕਾਰ ਦੇ ਫ਼ੈਸਲੇ ਦਾ ਮਜ਼ਾਕ ਉਹ ਬੰਦਾ ਉਡਾ ਰਿਹਾ ਹੈ ਜੋ ਪਹਿਲਾਂ ਅਬੋਹਰ ਤੇ ਮਗਰੋਂ ਗੁਰਦਾਸਪੁਰ ਤੋਂ ਨਕਾਰਿਆ ਜਾ ਚੁਕਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਹੋਛੀਆਂ ਬਿਆਨਬਾਜ਼ੀਆਂ ਨਾਲ ਸੁਨੀਲ ਜਾਖੜ ਨੂੰ ਆਪਣੀ ਗੁਆਚੀ ਸਿਆਸੀ ਜ਼ਮੀਨ ਨਹੀਂ ਲੱਭ ਸਕਦੀ।

Add a Comment

Your email address will not be published. Required fields are marked *