ਬ੍ਰਿਟੇਨ ਨੇ ਯੂਕ੍ਰੇਨ ਨੂੰ 62 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ ਦਾ ਕੀਤਾ ਵਾਅਦਾ

ਵਾਰਸਾ – ਬ੍ਰਿਟੇਨ ਨੇ ਮੰਗਲਵਾਰ ਨੂੰ ਯੂਕ੍ਰੇਨ ਲਈ ਨਵੀਂ ਫੌਜੀ ਸਪਲਾਈ ਤਹਿਤ 62 ਕਰੋੜ ਅਮਰੀਕੀ ਡਾਲਰ ਵਾਧੂ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਬ੍ਰਿਟੇਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਰੂਸ-ਯੂਕ੍ਰੇਨ ਯੁੱਧ ਆਪਣੇ ਤੀਜੇ ਸਾਲ ‘ਚ ਹੈ ਅਤੇ ਪੂਰਬੀ ਸਰਹੱਦ ‘ਤੇ ਰੂਸੀ ਫੌਜਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਯੂਕ੍ਰੇਨ ਸੰਘਰਸ਼ ਕਰ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਹਾਇਤਾ ਦੀ ਪੁਸ਼ਟੀ ਕਰਨ ਲਈ ਮੰਗਲਵਾਰ ਸਵੇਰੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ ਅਤੇ “ਰੂਸ ਦੀਆਂ ਬੇਰਹਿਮੀ ਅਤੇ ਵਿਸਤਾਰਵਾਦੀ ਇੱਛਾਵਾਂ ਦੇ ਵਿਰੁੱਧ ਯੂਕ੍ਰੇਨ ਦੀ ਰੱਖਿਆ ਲਈ ਬ੍ਰਿਟੇਨ ਦੇ ਦ੍ਰਿੜ ਸਮਰਥਨ ਦਾ ਉਨ੍ਹਾਂ ਨੂੰ ਭਰੋਸਾ ਦਿੱਤਾ।”

ਸੁਨਕ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਸੁਨਕ ਯੂਕ੍ਰੇਨ ਲਈ ਹੋਰ ਸਹਾਇਤਾ ਦੇ ਸਬੰਧ ਵਿਚ ਗੱਲਬਾਤ ਦੀ ਖਾਤਰ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਵਾਰਸਾ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੀ ਫੇਰੀ ਤੋਂ ਪਹਿਲਾਂ, ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਸੁਨਾਕ ਨਵੀਂ ਫੌਜੀ ਸਪਲਾਈ ਵਿੱਚ 50 ਕਰੋੜ ਪੌਂਡ (62 ਕਰੋੜ ਡਾਲਰ, 58 ਕਰੋੜ ਯੂਰੋ) ਦਾ ਐਲਾਨ ਕਰਨਗੇ। ਇਸ ਵਿੱਚ 400 ਵਾਹਨ, 60 ਕਿਸ਼ਤੀਆਂ ਅਤੇ ਹੋਰ ਸਾਮਾਨ ਸ਼ਾਮਲ ਹੈ। ਇਸ ਵਿਚ ਲੰਬੀ ਦੂਰੀ ਦੀਆਂ ‘ਬ੍ਰਿਟਿਸ਼ ਸਟੌਰਮ ਸ਼ੈਡੋ’ ਮਿਜ਼ਾਈਲਾਂ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ਦੀ ਰੇਂਜ ਲਗਭਗ 150 ਮੀਲ ਹੈ ਅਤੇ ਇਹ ਰੂਸੀ ਟੀਚਿਆਂ ‘ਤੇ ਨਿਸ਼ਾਨਾ ਲਾਉਣ ਵਿਚ ਅਸਰਦਾਰ ਸਾਬਤ ਹੋਈਆਂ ਹਨ।

ਸੁਨਾਕ ਦੇ ਦਫ਼ਤਰ ਨੇ ਕਿਹਾ, “ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕੇ ਦੇ ਨਿਰੰਤਰ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਵੀਂ ਫੌਜੀ ਸਹਾਇਤਾ ਨਾਲ, ਆਪਣੇ ਦੇਸ਼ ਦੀ ਰੱਖਿਆ ਲਈ ਫਰੰਟ ਲਾਈਨਾਂ ‘ਤੇ ਲੜ ਰਹੇ ਆਮ ਯੂਕਰੇਨੀਅਨਾਂ ਲਈ ਮਹੱਤਵਪੂਰਨ ਅੰਤਰ ਆਏਗਾ।” ਇਸ ਤੋਂ ਤਿੰਨ ਦਿਨ ਪਹਿਲਾਂ, ਅਮਰੀਕੀ ਪ੍ਰਤੀਨਿਧੀ ਸਭਾ ਨੇ ਯੂਕ੍ਰੇਨ ਲਈ 61 ਅਰਬ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਸੀ।

Add a Comment

Your email address will not be published. Required fields are marked *