ਭਾਰਤ ਦੇ ਸਖ਼ਤ ਰੁਖ਼ ਮਗਰੋਂ ਜਾਗਿਆ ਇੰਗਲੈਂਡ

ਲੰਡਨ – ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਜ਼ ਕਲੀਵਰਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀਆਂ ਵੱਲੋਂ ਹਿੰਸਾ ਦੀਆਂ ਅਸਵੀਕਾਰਨਯੋਗ ਕਾਰਵਾਈਆਂ ਤੋਂ ਬਾਅਦ ਇੱਥੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਦੀ ਸਮੀਖਿਆ ਕਰੇਗੀ। ਬੁੱਧਵਾਰ ਨੂੰ ਲਗਭਗ 2,000 ਪ੍ਰਦਰਸ਼ਨਕਾਰੀਆਂ ਨੇ ਇੱਥੇ ਭਾਰਤੀ ਮਿਸ਼ਨ ਦੇ ਬਾਹਰ ਪਹੁੰਚ ਕੇ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਸੁਰੱਖਿਆ ਅਤੇ ਬੈਰੀਕੇਡ ਲੱਗੇ ਹੋਣ ਬਾਵਜੂਦ ਪੁਲਸ ਅਧਿਕਾਰੀਆਂ ਅਤੇ ਮੀਡੀਆ ਕਰਮਚਾਰੀਆਂ ‘ਤੇ ਕੁੱਝ ਵਸਤੂਆਂ ਸੁੱਟੀਆਂ ਅਤੇ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਦਸਤਾਰਧਾਰੀ ਪੁਰਸ਼ ਸ਼ਾਮਲ ਸਨ, ਯੂਕੇ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਅਤੇ ਖਾਲਿਸਤਾਨ ਪੱਖੀ ਨਾਅਰੇ ਲਗਾਏ। ਵਿਦੇਸ਼ ਮੰਤਰੀ ਕਲੀਵਰਲੇ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਬ੍ਰਿਟੇਨ ਦੀ ਸਰਕਾਰ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਮੈਟਰੋਪੋਲੀਟਨ ਪੁਲਸ ਨਾਲ ਕੰਮ ਕਰਦੇ ਹੋਏ ਹਮਲੇ ਦਾ ਸਖ਼ਤ ਜਵਾਬ ਦੇਵੇਗੀ। ਪਹਿਲਾਂ ਹੀ ਕੀਤੀ ਗਈ ਕਾਰਵਾਈ ਦੇ ਸੰਕੇਤ ਦੇ ਤੌਰ ‘ਤੇ, ਮੰਤਰੀ ਨੇ ਬੁੱਧਵਾਰ ਨੂੰ ਯੋਜਨਾਬੱਧ ਪ੍ਰਦਰਸ਼ਨ ਲਈ ਇੰਡੀਆ ਹਾਊਸ ਵਿਖੇ ਸਖ਼ਤ ਸੁਰੱਖਿਆ ਉਪਾਵਾਂ ਦਾ ਹਵਾਲਾ ਦਿੱਤਾ, ਜਿਸ ਵਿਚ ਇਮਾਰਤ ਦੇ ਬਾਹਰ ਕਈ ਪੁਲਸ ਅਧਿਕਾਰੀ ਖੜ੍ਹੇ ਰਹੇ, ਨਾਲ ਹੀ ਕਈ ਘੋੜ ਸਵਾਰ ਅਧਿਕਾਰੀ ਖੇਤਰ ਵਿਚ ਗਸ਼ਤ ਕਰ ਰਹੇ ਸਨ ਅਤੇ ਹੈਲੀਕਾਪਟਰ ਤੋਂ ਨਿਗਰਾਨੀ ਕੀਤੀ ਜਾ ਰਹੀ ਸੀ।

ਕਲੀਵਰਲੀ ਨੇ ਕਿਹਾ, “ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਟਾਫ਼ ਵਿਰੁੱਧ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ ਅਤੇ ਮੈਂ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਨੂੰ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।” ਉਨ੍ਹਾਂ ਕਿਹਾ ਕਿ ਪੁਲਸ ਜਾਂਚ ਜਾਰੀ ਹੈ ਅਤੇ ਸਰਕਾਰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ। ਅਸੀਂ ਭਾਰਤੀ ਹਾਈ ਕਮਿਸ਼ਨ ਵਿਖੇ ਸੁਰੱਖਿਆ ਦੀ ਸਮੀਖਿਆ ਕਰਨ ਲਈ ਮੈਟਰੋਪੋਲੀਟਨ ਪੁਲਸ ਨਾਲ ਕੰਮ ਕਰ ਰਹੇ ਹਾਂ ਅਤੇ ਆਪਣੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਬਦਲਾਅ ਕਰਾਂਗੇ, ਜਿਵੇਂ ਕਿ ਅਸੀਂ ਅੱਜ ਦੇ ਪ੍ਰਦਰਸ਼ਨ ਲਈ ਕੀਤਾ।”

ਉਨ੍ਹਾਂ ਕਿਹਾ, “ਅਸੀਂ ਹਮੇਸ਼ਾ ਯੂਕੇ ਵਿੱਚ ਹਾਈ ਕਮਿਸ਼ਨ ਅਤੇ ਸਾਰੇ ਵਿਦੇਸ਼ੀ ਮਿਸ਼ਨਾਂ ਦੀ ਸੁਰੱਖਿਆ ਨੂੰ ਪੂਰੀ ਗੰਭੀਰਤਾ ਨਾਲ ਲਵਾਂਗੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਾਂਗੇ ਅਤੇ ਸਖ਼ਤ ਜਵਾਬ ਦੇਵਾਂਗੇ। ਭਾਰਤ ਅਤੇ ਬ੍ਰਿਟੇਨ ਦਰਮਿਆਨ “ਵਧਦੇ-ਫੁੱਲਦੇ” ਸਬੰਧ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਨਿੱਜੀ ਸਬੰਧਾਂ ਤੋਂ ਪ੍ਰੇਰਿਤ ਹਨ। ਸਾਡਾ ਸੰਯੁਕਤ 2030 ਰੋਡਮੈਪ ਸਾਡੀ ਭਾਈਵਾਲੀ ਨੂੰ ਨਿਰਦੇਸ਼ਿਤ ਕਰਦਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਤਾਂ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ। ਅਸੀਂ ਦੋਵਾਂ ਦੇਸ਼ਾਂ ਲਈ ਨਵੇਂ ਬਾਜ਼ਾਰ ਅਤੇ ਨੌਕਰੀਆਂ ਪੈਦਾ ਕਰ ਸਕਦੇ ਹਾਂ ਅਤੇ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੇ ਹਾਂ। ਅਸੀਂ ਭਵਿੱਖ ਲਈ ਬ੍ਰਿਟੇਨ ਅਤੇ ਭਾਰਤ ਵਿਚਕਾਰ ਡੂੰਘੇ ਸਬੰਧ ਬਣਾਉਣਾ ਚਾਹੁੰਦੇ ਹਾਂ।” ਇਹ ਬਿਆਨ ਲੰਡਨ ਸਥਿਤ ਭਾਰਤੀ ਮਿਸ਼ਨ ‘ਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧਾਂ ਦੀ ਘਾਟ ‘ਤੇ ਭਾਰਤ ਸਰਕਾਰ ਦੇ ਸਖ਼ਤ ਵਿਰੋਧ ਤੋਂ ਬਾਅਦ ਆਇਆ ਹੈ। 

Add a Comment

Your email address will not be published. Required fields are marked *