IPL 2024 : SRH ਦੇ ‘ਪਹਾੜ’ ਹੇਠਾਂ ਦੱਬ ਗਈ ਦਿੱਲੀ

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਬੱਲੇਬਾਜ਼ਾਂ ਦੇ ਧੂੰਆਂਧਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਸ ਨੂੰ ਇਕਤਰਫ਼ਾ ਅੰਦਾਜ਼ ‘ਚ 67 ਦੌੜਾਂ ਨਾਲ ਰੋਲ਼ ਕੇ ਰੱਖ ਦਿੱਤਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਇਕ ਵਾਰ ਫ਼ਿਰ ਤੋਂ ਮੈਦਾਨ ‘ਤੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਾਉਂਦੇ ਹੋਏ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 266 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕਰ ਦਿੱਤਾ। ਇਸ ਸਕੋਰ ਤੱਕ ਪਹੁੰਚਣ ‘ਚ ਟ੍ਰੈਵਿਸ ਹੈੱਡ (89), ਅਭਿਸ਼ੇਕ ਸ਼ਰਮਾ (46) ਤੇ ਸ਼ਾਹਬਾਜ਼ ਅਹਿਮਦ (59*) ਦੀਆਂ ਤੂਫ਼ਾਨੀ ਪਾਰੀਆਂ ਦਾ ਅਹਿਮ ਯੋਗਦਾਨ ਰਿਹਾ। ਹੈਦਰਾਬਾਦ ਨੇ ਟੂਰਨਾਮੈਂਟ ‘ਚ ਲਗਾਤਾਰ 250+ ਦਾ ਸਕੋਰ ਬਣਾਇਆ ਹੈ, ਜੋ ਕਿ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।

ਇਸ ਵਿਸ਼ਾਲ ਸਕੋਰ ਦਾ ਪਿੱਛਾ ਕਰਨ ਉਤਰੀ ਦਿੱਲੀ ਵੱਲੋਂ ਪ੍ਰਿਥਵੀ ਸ਼ਾਹ ਨੇ ਟੀਮ ਨੂੰ ਤੇਜ਼ ਸੁਰੂਆਤ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਪਹਿਲੇ ਹੀ ਓਵਰ ‘ਚ ਵਾਸ਼ਿੰਗਟਨ ਸੁੰਦਰ ਨੂੰ ਉਸ ਨੇ ਪਹਿਲੀਆਂ 4 ਗੇਂਦਾਂ ‘ਤੇ 4 ਚੌਕੇ ਜੜ ਦਿੱਤੇ। ਇਸ ਤੋਂ ਬਾਅਦ ਉਹ 5ਵੀਂ ਗੇਂਦ ‘ਤੇ ਆਊਟ ਹੋ ਗਿਆ। ਡੇਵਿਡ ਵਾਰਨਰ ਵੀ 1 ਦੌੜ ਬਣਾ ਕੇ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਜੇਕ ਫ੍ਰੇਜ਼ਰ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ ਤੇ ਟੀਮ ਦੀ ਡਗਮਗਾਉਂਦੀ ਪਾਰੀ ਨੂੰ ਸੰਭਾਲਿਆ। ਉਸ ਨੇ 18 ਗੇਂਦਾਂ ‘ਚ 5 ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਧੂੰਆਧਾਰ ਪਾਰੀ ਖੇਡੀ।

ਅਭਿਸ਼ੇਕ ਪੋਰੇਲ ਨੇ ਵੀ 22 ਗੇਂਦਾਂ ‘ਚ 42 ਦੌੜਾਂ ਦਾ ਯੋਗਦਾਨ ਦਿੱਤਾ। ਸਟੱਬਸ (10) ਤੇ ਲਲਿਤ ਯਾਦਵ (7) ਵੀ ਕੁਝ ਖ਼ਾਸ ਨਾ ਕਰ ਸਕੇ। ਕਪਤਾਨ ਰਿਸ਼ਭ ਪੰਤ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ ਉਹ 35 ਗੇਂਦਾਂ ‘ਚ 44 ਦੌੜਾਂ ਬਣਾ ਕੇ ਆਖ਼ਰੀ ਬੱਲੇਬਾਜ਼ ਦੇ ਰੂਪ ‘ਚ ਆਊਟ ਹੋਇਆ। ਦਿੱਲੀ ਦੀ ਟੀਮ 20 ਓਵਰ ਵੀ ਪੂਰੇ ਨਾ ਖੇਡ ਸਕੀ ਤੇ ਸਿਰਫ਼ 19.1 ਓਵਰਾਂ ‘ਚ ਹੀ 199 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਦੀਆਂ ਆਖ਼ਰੀ 4 ਵਿਕਟਾਂ 199 ਦੇ ਸਕੋਰ ‘ਤੇ ਡਿੱਗੀਆਂ, ਜਿਸ ਕਾਰਨ ਟੀਮ 67 ਦੌੜਾਂ ਦੇ ਵੱਡੇ ਫ਼ਰਕ ਨਾਲ ਮੁਕਾਬਲਾ ਹਾਰ ਗਈ। ਇਸ ਜਿੱਤ ਤੋਂ ਬਾਅਦ ਹੈਦਰਾਬਾਦ ਦੇ  7 ਮੁਕਾਬਲਿਆਂ ‘ਚੋਂ 6 ਜਿੱਤਣ ਨਾਲ 10 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਉੱਥੇ ਹੀ ਦਿੱਲੀ 8 ਮੈਚਾਂ ‘ਚੋਂ 5 ਹਾਰ ਕੇ ਨੈੱਟ-ਰਨਰੇਟ ਦੇ ਆਧਾਰ ‘ਤੇ 7ਵੇਂ ਸਥਾਨ ‘ਤੇ ਕਾਬਜ਼ ਹੈ।

Add a Comment

Your email address will not be published. Required fields are marked *