ਅਕਾਲੀ ਦਲ ਦੇ ਫ਼ੈਸਲੇ ਤੋਂ ਨਾਰਾਜ਼ ਆਗੂ ਪਹੁੰਚੇ ਢੀਂਡਸਾ ਦੇ ਘਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕਈ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਈ। ਇਸ ਮੌਕੇ ਸਮੂਹ ਆਗੂਆਂ ਤੇ ਵਰਕਰਾਂ ਨੇ ਤਿੱਖੇ ਲਹਿਜ਼ੇ ’ਚ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ਦੇ ਪ੍ਰਬਲ ਦਾਅਵੇਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰ ਕੇ ਸਾਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਪਹਿਲਾਂ ਪੰਥ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਨੇਕਾਂ ਵਾਅਦੇ ਕੀਤੇ ਗਏ ਸਨ, ਜਿਸ ਤੋਂ ਪਾਰਟੀ ਪ੍ਰਧਾਨ ਮੁਨਕਰ ਹੋ ਗਏ ਹਨ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਾਥੀਆਂ ਸਣੇ ਕਰੀਬ 4-5 ਸਾਲ ਬਾਅਦ ਵਾਪਸ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਕੇ ਘਰ ਵਾਪਸੀ ਕੀਤੀ ਸੀ ਤੇ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸੰਗਰੂਰ ਅਤੇ ਹੋਰਨਾਂ ਸੀਟਾਂ ਬਾਰੇ ਉਨ੍ਹਾਂ ਦੀ ਸਲਾਹ ਲਈ ਜਾਵੇਗੀ ਪਰ ਟਿਕਟ ਦੇਣ ਵੇਲੇ ਉਨ੍ਹਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ ਗਈ। ਇਸ ਮੌਕੇ ਸਮੂਹ ਆਗੂਆਂ ਨੇ ਢੀਂਡਸਾ ਨੂੰ ਪਾਰਟੀ ਵਿਰੁੱਧ ਸਖ਼ਤ ਸਟੈਂਡ ਲੈਣ ਦੀ ਸਲਾਹ ਦਿੱਤੀ ਹੈ।

ਇਸ ਮੌਕੇ ਬਲਦੇਵ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ , ਪਰਮਿੰਦਰ ਸਿੰਘ ਢੀਂਡਸਾ , ਸੰਤ ਬਲਵੀਰ ਸਿੰਘ ਘੁੰਨਸ, ਗਗਨਜੀਤ ਸਿੰਘ ਬਰਨਾਲਾ , ਪ੍ਰਕਾਸ਼ ਚੰਦ ਗਰਗ, ਸੁਖਵਿੰਦਰ ਸਿੰਘ ਔਲਖ, ਗੁਰਬਚਨ ਸਿੰਘ ਬਚੀ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਬਲਦੇਵ ਸਿੰਘ ਚੂੰਘਾ, ਜਸਵੰਤ ਸਿੰਘ, ਤੇਜਾ ਸਿੰਘ ਕਮਾਲਪੁਰ ,ਰਣਧੀਰ ਸਿੰਘ ਰੱਖੜਾ, ਤਜਿੰਦਰਪਾਲ ਸਿੰਘ ਸੰਧੂ , ਸਰਬਜੀਤ ਸਿੰਘ ਡੂਮਵਾਲੀ,ਹਰਬੰਸ ਸਿੰਘ ਮੰਜਪੁਰ, ਸਤਿਗੁਰ ਸਿੰਘ ਨਮੋਲ, ਪ੍ਰਿਤਪਾਲ ਸਿੰਘ ਹਾਂਡਾ, ਭੁਪਿੰਦਰ ਸਿੰਘ ਬਜਰੂੜ, ਅਵਤਾਰ ਸਿੰਘ ਜੌਹਲ, ਪਰਮਿੰਦਰ ਸਿੰਘ ਪੰਨੂ, ਰਣਜੀਤ ਸਿੰਘ ਦਬੜੀਖ਼ਾਨਾ, ਜਗਤਾਰ ਸਿੰਘ ਰਾਜੇਆਣਾ, ਮੇਜਰ ਸਿੰਘ ਮੋਹਾਲੀ, ਜੀਤ ਸਿੰਘ ਚੰਦੁਰਾਈਆਂ, ਹਰਵੇਲ ਸਿੰਘ ਮਾਧੋਪੁਰ, ਕਰਨ ਦਿੜਬਾ, ਐਡਵੋਕੇਟ ਸਿਮਰਨਜੀਤ ਸਿੰਘ ਬਰਨਾਲਾ, ਚੇਅਰਮੈਨ ਰਵੀ ਵਿਰਕ, ਚੇਅਰਮੈਨ ਕੁਲਵੰਤ ਸਿੰਘ ਜੌਹਲੀਆਂ, ਚੇਅਰਮੈਨ ਮਹੀਪਾਲ ਭੁੱਲਨ, ਦਮਨਵੀਰ ਸਿੰਘ ਫਿਲੌਰ, ਹਰਮੰਦਰ ਸਿੰਘ ਗੱਗੜਪੁਰ, ਗੁਰਮੀਤ ਸਿੰਘ ਮਾਮਦਪੁਰ, ਮਨਿੰਦਰਪਾਲ ਸਿੰਘ ਬਰਾੜ, ਹਰਪ੍ਰੀਤ ਸਿੰਘ ਬੰਨੀ ਜੌਲੀ ਦਿੱਲੀ, ਰਮਨਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਗੁਰਮ ਲੁਧਿਆਣਾ, ਹਰਬੰਸ ਸਿੰਘ ਸੰਘਰੇੜੀ ਤੇ ਜਸਵਿੰਦਰ ਸਿੰਘ ਖ਼ਾਲਸਾ ਆਦਿ ਮੌਜੂਦ ਸਨ।

ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਪਾਰਟੀ ਵਿਰੁੱਧ ਸਖ਼ਤ ਸਟੈਂਡ ਲੈਣ ਦੀ ਵੀ ਗੱਲ ਕੀਤੀ ਤੇ ਇਸ ਹਾਲਾਤ ’ਚ ਪਾਰਟੀ ਨਾਲ ਨਾ ਚੱਲ ਸਕਣ ਲਈ ਅਸਮਰੱਥਾ ਪ੍ਰਗਟਾਈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਆਗੂਆਂ ਤੇ ਵਰਕਰਾਂ ਨੂੰ ਸ਼ਾਂਤ ਕਰਵਾਉਂਦਿਆਂ ਕਿਹਾ ਕਿ ਬੇਸ਼ੱਕ ਸਾਡੇ ਨਾਲ ਸਿਆਸਤ ਖੇਡੀ ਗਈ ਹੈ ਪਰ ਅਸੀਂ ਕਦੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤਾਂ ’ਤੇ ਹਮੇਸ਼ਾ ਪਹਿਰਾ ਦਿੰਦੇ ਰਹਾਂਗੇ।

Add a Comment

Your email address will not be published. Required fields are marked *