ਭੇਤਭਰੇ ਹਾਲਾਤ ’ਚ ਕਾਂਸਟੇਬਲ ਦੇ ਪੇਟ ’ਚ ਲੱਗੀ ਗੋਲ਼ੀ

ਲੁਧਿਆਣਾ –ਭੇਤਭਰੇ ਹਾਲਾਤ ’ਚ ਕਮਿਸ਼ਨਰੇਟ ਲੁਧਿਆਣਾ ਪੁਲਸ ਦੇ ਇਕ ਕਾਂਸਟੇਬਲ ਨੂੰ ਗੋਲ਼ੀ ਲੱਗ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਗੋਲ਼ੀ ਉਸ ਦੀ ਸਰਕਾਰੀ ਕਾਰਬਾਈਨ ’ਚੋਂ ਚੱਲੀ ਹੈ। ਗੋਲ਼ੀ ਖੁਦ ਚੱਲੀ ਜਾਂ ਕਿਸੇ ਨੇ ਮਾਰੀ ਹੈ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ। ਜ਼ਖ਼ਮੀ ਗੁਰਵਿੰਦਰ ਸਿੰਘ ਨੂੰ ਪਰਿਵਾਰ ਨੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ’ਚੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕਾਂਸਟੇਬਲ ਦੀ ਕਾਰਬਾਈਨ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਪਤਨੀ ਸੁਗੰਦਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਪਿਤਾ ਵੀ ਪੰਜਾਬ ਪੁਲਸ ’ਚ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਨੂੰ ਨੌਕਰੀ ਮਿਲੀ ਸੀ। ਉਹ ਇਕ ਹਿੰਦੂ ਨੇਤਾ ਨਾਲ ਬਤੌਰ ਸੁਰੱਖਿਆ ਕਰਮਚਾਰੀ ਤਾਇਨਾਤ ਸੀ। ਹਿੰਦੂ ਨੇਤਾ ਨੂੰ ਕੁਝ ਦਿਨ ਪਹਿਲਾਂ ਜੇਲ੍ਹ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਸ ਲਾਈਨ ਭੇਜ ਦਿੱਤਾ ਗਿਆ ਸੀ।

ਡਿਊਟੀ ਤੋਂ ਬਾਅਦ ਉਹ ਆਪਣੀ ਸਰਕਾਰੀ ਕਾਰਬਾਈਨ ਘਰ ਲੈ ਜਾਂਦਾ ਸੀ ਅਤੇ ਸਵੇਰੇ ਡਿਊਟੀ ’ਤੇ ਲੈ ਆਉਂਦਾ ਸੀ। ਪਤਾ ਲੱਗਾ ਕਿ ਪਿਛਲੇ 4 ਦਿਨਾਂ ਤੋਂ ਡਿਊਟੀ ਤੋਂ ਵੀ ਗੈਰ-ਹਾਜ਼ਰ ਚੱਲ ਰਿਹਾ ਸੀ। 15 ਅਗਸਤ ਕਾਰਨ ਉਹ ਡਿਊਟੀ ’ਤੇ ਆ ਗਿਆ ਅਤੇ 16 ਅਗਸਤ ਦੀ ਸਵੇਰੇ ਫਿਰ ਘਰੋਂ ਪੁਲਸ ਲਾਈਨ ਡਿਊਟੀ ਲਈ ਨਿਕਲ ਗਿਆ ਪਰ ਡਿਊਟੀ ’ਤੇ ਨਹੀਂ ਪੁੱਜਾ। ਪੁਲਸ ਲਾਈਨ ਤੋਂ ਇਕ ਅਧਿਕਾਰੀ ਨੇ ਉਸ ਦੀ ਪਤਨੀ ਨੂੰ ਕਾਲ ਕਰ ਕੇ ਗੁਰਵਿੰਦਰ ਬਾਰੇ ਪੁੱਛਿਆ ਸੀ। ਉਸ ਦੀ ਪਤਨੀ ਨੇ ਕਿਹਾ ਕਿ ਉਹ ਘਰੋਂ ਸਵੇਰੇ ਡਿਊਟੀ ਲਈ ਨਿਕਲ ਗਿਆ ਸੀ।

ਇਸ ਤੋਂ ਬਾਅਦ ਦੁਪਹਿਰ ਗੁਰਵਿੰਦਰ ਸਿੰਘ ਨੇ ਆਪਣੇ ਘਰ ਕਾਲ ਕੀਤੀ, ਉਹ ਸ਼ਾਮ ਤੱਕ ਘਰ ਮੁੜ ਆਵੇਗਾ। ਕਿਸੇ ਕੰਮ ’ਚ ਰੁੱਝਿਆ ਹੈ ਪਰ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਉਹ ਸਾਰੀ ਰਾਤ ਘਰ ਨਹੀਂ ਆਇਆ ਅਤੇ ਸਵੇਰੇ 4 ਵਜੇ ਭੇਦਭਰੇ ਹਾਲਾਤ ’ਚ ਜ਼ਖਮੀ ਹਾਲਤ ’ਚ ਘਰ ਦੇ ਬਾਹਰ ਪਿਆ ਸੀ। ਹੁਣ ਉਸ ਨੂੰ ਗੋਲ਼ੀ ਕਿਵੇਂ ਲੱਗੀ ਕਿਸੇ ਨੂੰ ਕੁਝ ਪਤਾ ਨਹੀਂ।

ਪੁਲਸ ਨੂੰ ਇਲਾਕੇ ’ਚ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ। ਫੁਟੇਜ ’ਚ ਸਵੇਰੇ ਲੱਗਭਗ 4 ਵਜੇ ਇਲਾਕੇ ’ਚ ਐਕਟਿਵਾ ’ਤੇ ਨਿਕਲ ਰਿਹਾ ਹੈ। ਉਸ ਸਮੇਂ ਉਹ ਬਿਲਕੁਲ ਠੀਕ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਉਹ ਘਰ ਤੋਂ ਕੁਝ ਦੂਰੀ ’ਤੇ ਸਥਿਤ ਪਲਾਟ ’ਚ ਡਿੱਗਿਆ ਪਿਆ ਸੀ। ਗੋਲ਼ੀ ਕਿਸ ਤਰ੍ਹਾਂ ਲੱਗੀ ਅਜੇ ਪਤਾ ਨਹੀਂ ਲੱਗ ਸਕਿਆ। ਗੁਰਵਿੰਦਰ ਦਾ ਆਪ੍ਰੇਸ਼ਨ ਹੋਇਆ ਹੈ, ਜੋ ਹੁਣ ਖ਼ਤਰੇ ਤੋਂ ਬਾਹਰ ਹੈ। ਫਿਲਹਾਲ ਉਹ ਬਿਆਨ ਦੇਣ ਦੇ ਕਾਬਿਲ ਨਹੀਂ ਸੀ। ਉਸ ਦੇ ਹੋਸ਼ ’ਚ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *