‘ਆਪ’ ਸਰਕਾਰ ਦੇ ਲਾਇਸੈਂਸੀ ਹਥਿਆਰਾਂ ਬਾਰੇ ਫ਼ੈਸਲਿਆਂ ’ਤੇ ਅੰਮ੍ਰਿਤਪਾਲ ਨੇ ਖੜ੍ਹੇ ਕੀਤੇ ਸਵਾਲ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਲਾਇਸੈਂਸੀ ਹਥਿਆਰਾਂ ਬਾਰੇ ਲਏ ਗਏ ਫੈਸਲੇ ’ਤੇ ਸਵਾਲ ਖੜ੍ਹੇ ਕੀਤੇ ਹਨ। ਹਥਿਆਰਾਂ ਦੇ ਲਾਇਸੈਂਸਾਂ ਬਾਰੇ ਲਏ ਫ਼ੈਸਲੇ ’ਤੇ ਉਨ੍ਹਾਂ ਕਿਹਾ ਕਿ ਪੰਜਾਬ ’ਚ 99.9 ਫ਼ੀਸਦੀ ਜੁਰਮ ਨਾਜਾਇਜ਼ ਹਥਿਆਰਾਂ ਨਾਲ ਹੋਏ ਹਨ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਪੰਜਾਬ ’ਚ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਤੇ ਫਿਰ ਸਿੱਧੂ ਮੂਸੇਵਾਲਾ ਦਾ। ਇਕ ਦਾ ਖੇਡ ਜਗਤ ’ਚ ਵੱਡਾ ਨਾਂ ਸੀ ਤੇ ਦੂਜਾ ਕਲਾਕਾਰਾਂ ਵਿਚ। ਸਿੱਧੂ ਮੂਸੇਵਾਲਾ ਨੇ ਇਕ ਸਮੇਂ ’ਤੇ ਵਿਸ਼ਵ ਪੱਧਰ ’ਤੇ ਵੀ ਪੰਜਾਬ ਦੀ ਨੁਮਾਇੰਦਗੀ ਕੀਤੀ।

ਇਨ੍ਹਾਂ ਦੋਵਾਂ ਕਤਲਾਂ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਅਜਿਹਾ ਫ਼ੈਸਲਾ ਲਿਆ ਗਿਆ, ਨਾ ਫੌਰੀ ਤੌਰ ‘ਤੇ ਮੀਟਿੰਗਾਂ ਕੀਤੀਆਂ ਅਤੇ ਨਾ ਹੀ ਧੜਾਧੜ ਬਦਲੀਆਂ ਕੀਤੀਆਂ ਗਈਆਂ। ਇਨ੍ਹਾਂ ਕਤਲਾਂ ’ਚ ਅਜਿਹੇ ਆਟੋਮੈਟਿਕ ਹਥਿਆਰ ਵਰਤੇ ਗਏ, ਜਿਹੜੇ ਫ਼ੌਜ ’ਚ ਵੀ ਬਹੁਤ ਸੋਚ-ਵਿਚਾਰ ਕੇ ਗਿਣੇ-ਚੁਣੇ ਬੰਦਿਆਂ ਨੂੰ ਹੀ ਦਿੱਤੇ ਜਾਂਦੇ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਸਖ਼ਤ ਫ਼ੈਸਲਾ ਨਹੀਂ ਲਿਆ ਗਿਆ। ਇਸ ਤੋਂ ਬਾਅਦ ਪੰਜਾਬ ਵਿਚ ਸੁਧੀਰ ਸੂਰੀ ਤੇ ਪ੍ਰਦੀਪ ਦਾ ਕਤਲ ਹੋਇਆ । ਸੁਧੀਰ ਸੂਰੀ ਨੂੰ ਇਕ ਕੌਮ ਬਾਰੇ ਗ਼ਲਤ ਬੋਲਣ ਕਰਕੇ ਜੇਲ੍ਹ ਹੋਈ ਅਤੇ ਪ੍ਰਦੀਪ ਬੇਅਦਬੀ ਦੇ ਦੋਸ਼ ਹੇਠ ਸਜ਼ਾ ਕੱਟ ਰਿਹਾ ਸੀ ਤੇ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਇਨ੍ਹਾਂ ਕਤਲਾਂ ਤੋਂ ਬਾਅਦ ਸਰਕਾਰ ਅਜਿਹੇ ਫ਼ੈਸਲੇ ਲੈਣ ਲੱਗ ਪਈ, ਜਦਕਿ ਸਿੱਧੂ ਮੂਸੇਵਾਲਾ-ਸੰਦੀਪ ਨੰਗਲ ਅੰਬੀਆਂ ਅਤੇ ਸੁਧੀਰ ਸੂਰੀ-ਪ੍ਰਦੀਪ ਦਾ ਆਪਸ ’ਚ ਕੋਈ ਮੁਕਾਬਲਾ ਹੀ ਨਹੀਂ ਸੀ।

Add a Comment

Your email address will not be published. Required fields are marked *