ਆਸਾਮ ਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ : ਭਗਵੰਤ ਮਾਨ

ਆਸਾਮ/ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਆਸਾਮ ਦੇ ਡਿਗਬੋਈ ਵਿਚ ਇਕ ਵਿਸ਼ਾਲ ਜਨਸਭਾ ਕੀਤੀ। ਜਨ ਸਭਾ ਦੌਰਾਨ ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਸਾਮ ਅਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਆਏ ਸਨ। ਉਨ੍ਹਾਂ ਦੇ ਇੱਥੇ ਗੁਰਦੁਆਰਾ ਸਾਹਿਬ ਵੀ ਹਨ। ਆਸਾਮ ਅਤੇ ਪੰਜਾਬ ਦੇ ਲੋਕਾਂ ਵਿੱਚ ਕਈ ਸਮਾਨਤਾਵਾਂ ਹਨ। ਦੋਵੇਂ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਲੇ ਲੋਕ ਹਨ। ਦੋਵਾਂ ਸੂਬਿਆਂ ਦੇ ਨਾਚ ਵੀ ਰਾਸ਼ਟਰੀ ਪੱਧਰ ’ਤੇ ਬਹੁਤ ਮਸ਼ਹੂਰ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਵੀ ਖੇਤੀ ਆਧਾਰਤ ਹਨ। ਆਸਾਮ ਦੇ ਲੋਕ ਚਾਹ ਦੀ ਖੇਤੀ ਕਰਦੇ ਹਨ। ਜਦੋਂ ਕਿ ਪੰਜਾਬ ਦੇ ਲੋਕ ਕਣਕ, ਚਾਵਲ, ਗੰਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ। ਅਸੀਂ ਸਾਰੇ ਧਰਤੀ ਮਾਂ ਦੇ ਬੱਚੇ ਹਾਂ। ਪਰ ਬਦਕਿਸਮਤੀ ਨਾਲ ਅੱਜ ਧਰਤੀ ਮਾਂਦੇ ਬੱਚੇ ਭੁੱਖ ਨਾਲ ਮਰ ਰਹੇ ਹਨ ਕਿਉਂਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਵਰਗ ਲਈ ਕੰਮ ਕਰ ਰਹੀ ਹੈ। ਭਾਸ਼ਣ ਦੌਰਾਨ ਮਾਨ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਸਾਮ ਦੀ ਭਾਜਪਾ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਦੇ ਆਪਣੇ ਕਈ ਪ੍ਰਾਈਵੇਟ ਸਕੂਲ ਹਨ। ਇਸੇ ਕਰਕੇ ਸਰਕਾਰੀ ਸਕੂਲਾਂ ਵਿਚ ਸੁਧਾਰ ਨਹੀਂ ਹੋ ਰਿਹਾ।

ਜੇਕਰ ਉਹ ਚਾਹੁੰਦੇ ਤਾਂ 20 ਸਾਲ ਪਹਿਲਾਂ ਬਹੁਤ ਵਧੀਆ ਸਕੂਲ ਅਤੇ ਹਸਪਤਾਲ ਬਣਾ ਸਕਦੇ ਸਨ ਕਿਉਂਕਿ ਉਹ ਕਾਂਗਰਸ ਸਰਕਾਰ ਵਿਚ ਸਿੱਖਿਆ ਅਤੇ ਸਿਹਤ ਮੰਤਰੀ ਰਹਿ ਚੁੱਕੇ ਹਨ। ਪਰ ਉਨਾਂ ਦੇ ਇਰਾਦੇ ਸਾਫ਼ ਨਹੀਂ ਸਨ। ਇਸ ਲਈ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਅਜੇ ਵੀ ਮਾੜੀ ਹੈ। ਜਦੋਂ ਮੁੱਖ ਮੰਤਰੀ ਦੇ ਆਪਣੇ ਨਿੱਜੀ ਸਕੂਲ ਹਨ ਤਾਂ ਉਹ ਸਰਕਾਰੀ ਸਕੂਲਾਂ ਨੂੰ ਕਿਉਂ ਠੀਕ ਕਰਨਗੇ? ਮਾਨ ਨੇ ਕਿਹਾ ਕਿ 2015 ਵਿਚ ਅਮਿਤ ਸ਼ਾਹ ਨੇ ਹਿਮੰਤ ਬਿਸਵਾ ਸ਼ਰਮਾ ਨੂੰ ਸਭ ਤੋਂ ਭ੍ਰਿਸ਼ਟ ਵਿਅਕਤੀ ਕਰਾਰ ਦਿੱਤਾ ਸੀ। ਪਰ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅੱਜ ਉਹੀ ਵਿਅਕਤੀ ਦੁੱਧ ਦੀ ਧੋਤੀ ਬਣ ਗਿਆ ਹੈ। ਭਾਜਪਾ ਹਰ ਗੱਲ ”ਤੇ ਝੂਠ ਬੋਲਦੀ ਹੈ। ਭਾਜਪਾ ਵਾਲੇ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਪਾ ਕੇ ਆਮ ਆਦਮੀ ਪਾਰਟੀ ਤਬਾਹ ਹੋ ਜਾਵੇਗੀ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰੋਗੇ ਪਰ ਉਨ੍ਹਾਂ ਦੀ ਸੋਚ ਨੂੰ ਨਹੀਂ। ਮੈਨੂੰ ਅੱਜ ਜਹਾਜ਼ ਵਿਚ ਇਕ ਆਦਮੀ ਮਿਲਿਆ। ਉਸਨੇ ਮੈਨੂੰ ਦੱਸਿਆ ਕਿ ਸਾਡੇ ਆਸਾਮ ਵਿੱਚ 8000 ਸਰਕਾਰੀ ਸਕੂਲ ਬੱਚਿਆਂ ਦੀ ਘਾਟ ਕਾਰਨ ਬੰਦ ਹੋ ਗਏ ਹਨ। ਬਿਲਕੁਲ ਇਹੀ ਹਾਲਤ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੀ। ਪਰ ਅਸੀਂ ਸਕੂਲਾਂ ਨੂੰ ਬੰਦ ਕਰਨ ਦੀ ਬਜਾਏ ਇੰਨਾ ਵਧੀਆ ਬਣਾ ਦਿੱਤਾ ਕਿ ਅੱਜ ਦਿੱਲੀ ਅਤੇ ਪੰਜਾਬ ਵਿਚ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚੋਂ ਕੱਢ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਆਸਾਮ ਵਿਚ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਸ਼਼ਰਾਬ ਹੈ। ਅੱਜ ਇੱਥੇ ਇਕ ਮਜ਼ਦੂਰ ਦੀ ਦਿਹਾੜੀ 250 ਰੁਪਏ ਹੈ। ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ, ਅਸੀਂ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 450 ਰੁਪਏ ਕਰਾਂਗੇ ਅਤੇ ਇਸ ਲਈ ਕਾਨੂੰਨ ਵੀ ਬਣਾਵਾਂਗੇ। ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਵਿਚ ਵੀ ਤਨਖ਼ਾਹਾਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਬਿਜਲੀ ਬਿਲਕੁਲ ਮੁਫ਼ਤ ਹੈ। ਪੰਜਾਬ ਵਿਚ 90% ਘਰਾਂ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਪੰਜਾਬ ਵਿਚ ਆਮ ਆਦਮੀ ਕਲੀਨਿਕ ਖੁੱਲ੍ਹ ਗਏ ਹਨ। ਜਿੱਥੇ ਸਾਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਜੇਕਰ ਸਾਨੂੰ ਮੌਕਾ ਮਿਲਿਆ ਤਾਂ ਆਸਾਮ ਵਿੱਚ ਵੀ ਅਜਿਹਾ ਹੀ ਕਰਾਂਗੇ।

Add a Comment

Your email address will not be published. Required fields are marked *