ਕੁਲਦੀਪ ਯਾਦਵ ਨੂੰ ਚੌਕਸੀ ਦੇ ਤੌਰ ’ਤੇ ਆਰਾਮ ਕਰਨ ਦੀ ਸਲਾਹ

ਮੁੰਬਈ- ਭਾਰਤੀ ਸਪਿਨਰ ਕੁਲਦੀਪ ਯਾਦਵ ‘ਗ੍ਰੋਇਨ’ ਸੱਟ ਤੋਂ ਉੱਭਰ ਰਿਹਾ ਹੈ ਤੇ ਉਸ ਨੂੰ ਦਿੱਲੀ ਕੈਪੀਟਲਸ ਟੀਮ ਮੈਨੇਜਮੈਂਟ ਵੱਲੋਂ ਚੌਕਸੀ ਦੇ ਤੌਰ ’ਤੇ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚੋਂ ਆਰਾਮ ਦੀ ਸਲਾਹ ਦਿੱਤੀ ਗਈ ਹੈ। ਖੱਬੇ ਹੱਥ ਦੇ ਸਪਿਨਰ ਕੁਲਦੀਪ ਨੂੰ ਦਿੱਲੀ ਕੈਪੀਟਲਸ ਦੇ ਜੈਪੁਰ ਵਿਚ ਰਾਜਸਥਾਨ ਰਾਇਲਜ਼ ਵਿਰੁੱਧ ਸੈਸ਼ਨ ਦੇ ਦੂਜੇ ਮੈਚ ਵਿਚ ਸੱਟ ਲੱਗ ਗਈ ਸੀ, ਜਿਸ ਵਿਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ ਇਸ 29 ਸਾਲਾ ਖਿਡਾਰੀ ਨੂੰ ਅਗਲੇ ਮੁਕਾਬਲਿਆਂ ’ਚੋਂ ਬਾਹਰ ਰਹਿਣ ਲਈ ਮਜਬੂਰ ਹੋਣਾ ਪਿਆ, ਜਿਸ ਵਿਚ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਆਖਰੀ-11 ਵਿਚ ਵਾਪਸੀ ਕੀਤੀ। ਆਈ. ਪੀ. ਐੱਲ. ਦੇ ਇਕ ਸੂਤਰ ਤੋਂ ਜਦੋਂ ਕੁਲਦੀਪ ਦੀ ਹਾਲਤ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਉਸ ਨੂੰ ਮੈਚ ਲਈ ਫਿੱਟ ਹੋਣ ਵਿਚ ਕੁਝ ਸਮਾਂ ਲੱਗੇਗਾ।’’
ਕੁਲਦੀਪ ਕੇਂਦਰੀ ਕਰਾਰਬੱਧ ਖਿਡਾਰੀ ਹੈ ਤੇ ਟੀ-20 ਵਿਸ਼ਵ ਕੱਪ ਦਾ ਉਮੀਦਵਾਰ ਹੈ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੀ ਖੇਡ ਵਿਗਿਆਨ ਤੇ ਡਾਕਟਰੀ ਟੀਮ ਦੀ ਸਲਾਹ ਉਸਦੀ ਸੱਟ ਤੇ ‘ਰਿਹੈਬ’ ਪ੍ਰਬੰਧਨ ਵਿਚ ਅਹਿਮ ਹੋਵੇਗੀ।
ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਨੂੰ ਭਾਰਤੀ ਖਿਡਾਰੀ ਦੀ ਸੱਟ ਤੇ ਸੱਟ ਸਬੰਧੀ ਚਿੰਤਾਵਾਂ ਦੀ ਐੱਨ. ਸੀ. ਏ. ਨੂੰ ਜਾਣਕਾਰੀ ਦੇਣਾ ਜ਼ਰੂਰੀ ਹੈ। ਕੁਲਦੀਪ ਹਾਲਾਂਕਿ ਸਾਰੇ ਮੁਕਾਬਲਿਆਂ ਲਈ ਟੀਮ ਦੇ ਨਾਲ ਸਫਰ ਕਰ ਰਿਹਾ ਹੈ ਤੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਦਿੱਲੀ ਕੈਪੀਟਲਸ ਦੇ ਆਗਾਮੀ ਮੁਕਾਬਲੇ ਵਿਚ ਉਸਦੀ ਹਿੱਸੇਦਾਰੀ ’ਤੇ ਵੀ ਸ਼ੱਕ ਬਰਕਰਾਰ ਹੈ। ਕੁਲਦੀਪ ਨੇ 2 ਮੈਚਾਂ ਵਿਚ 7.62 ਦੀ ਇਕਾਨਮੀ ਨਾਲ 3 ਵਿਕਟਾਂ ਲਈਆਂ ਹਨ। ਉਸ ਨੇ ਇੰਗਲੈਂਡ ਵਿਰੁੱਧ 5 ਟੈਸਟਾਂ ਦੀ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 19 ਵਿਕਟਾਂ ਲਈਆਂ ਸਨ।

Add a Comment

Your email address will not be published. Required fields are marked *