ਵਿਸ਼ਵ ਚੈਂਪੀਅਨਸ਼ਿਪ: ਸਿੰਧੂ ਦੀ ਗੈਰਮੌਜੂਦਗੀ ’ਚ ਭਾਰਤ ਦੀਆਂ ਉਮੀਦਾਂ ਲਕਸ਼ੈ ਤੇ ਪ੍ਰਣਯ ’ਤੇ

ਟੋਕੀਓ:ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਸੱਟ ਕਾਰਨ ਪਿਛਲੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਸਕੇਗੀ ਅਤੇ ਉਸ ਦੀ ਗੈਰਮੌਜੂਦਗੀ ਵਿੱਚ ਭਾਰਤ ਦੀਆਂ ਉਮੀਦਾਂ ਲਕਸ਼ੈ ਸੇਨ ਅਤੇ ਐੱਚਐੱਸ ਪ੍ਰਣਯ ’ਤੇ ਹੋਣਗੀਆਂ। ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਖਿਤਾਬੀ ਮੁਹਿੰਮ ਦੌਰਾਨ ਉਸ ਦੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਚੈਂਪੀਅਨਸ਼ਿਪ ਤੋਂ ਹਟਣਾ ਪਿਆ। ਅਜਿਹੇ ’ਚ ਸੋਮਵਾਰ ਨੂੰ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ ਵਿੱਚ ਭਾਰਤ ਦੇ ਚੰਗੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਲਕਸ਼ੈ ਤੋਂ ਇਲਾਵਾ ਤਜਰਬੇਕਾਰ ਪ੍ਰਣਯ ਅਤੇ ਕਿਦਾਂਬੀ ਸ੍ਰੀਕਾਂਤ ’ਤੇ ਆ ਗਈ ਹੈ। ਭਾਰਤ ਨੇ 2011 ਤੋਂ ਬਾਅਦ ਇਸ ਚੈਂਪੀਅਨਸ਼ਿਪ ਵਿੱਚ ਹਮੇਸ਼ਾ ਤਗਮੇ ਜਿੱਤੇ ਹਨ। ਭਾਰਤੀ ਪੁਰਸ਼ ਖਿਡਾਰੀਆਂ ਨੇ ਹਾਲ ਹੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਕਰਕੇ ਉਨ੍ਹਾਂ ਤੋਂ ਤਗਮਾ ਜਿੱਤਣ ਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ। ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਲਕਸ਼ੈ ਦੇ ਹੌਸਲੇ ਬੁਲੰਦ ਹਨ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ’ਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਇਸੇ ਤਰ੍ਹਾਂ ਮਹਿਲਾ ਸਿੰਗਲਜ਼ ਵਿੱਚ ਸਾਇਨਾ ਨੇਹਵਾਲ ਅਤੇ ਪੁਰਸ਼ ਡਬਲਜ਼ ’ਚ ਚਿਰਾਗ ਸੇਠੀ ਤੇ ਸਾਤਵਿਕ ਸਾਈਰਾਜ ਰੰਕੀਰੈੱਡੀ ’ਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ। ਮਹਿਲਾ ਡਬਲਜ਼ ਵਿੱਚ ਅਸ਼ਵਨੀ ਪੋਨੱਪਾ-ਐੱਨ ਸਿੱਕੀ ਰੈੱਡੀ ਅਤੇ ਗਾਇਤਰੀ ਗੋਪੀਚੰਦ-ਟ੍ਰੇਸਾ ਜੌਲੀ ਦੀਆਂ ਜੋੜੀਆਂ ਚੁਣੌਤੀ ਪੇਸ਼ ਕਰਨਗੀਆਂ।

Add a Comment

Your email address will not be published. Required fields are marked *