IPL 2023: ਦਿੱਲੀ ਨੇ ਪੰਜਾਬ ਦੀਆਂ ਉਮੀਦਾਂ ਨੂੰ ਦਿੱਤਾ ਤਗੜਾ ਝਟਕਾ

 ਅੱਜ ਦਿੱਲੀ ਕੈਪਿਟਲਸ ਨੇ ਪੰਜਾਬ ਕਿੰਗਜ਼ ਦੀ ਟੀਮ ਨੂੰ ਤਗੜਾ ਝਟਕਾ ਦਿੰਦਿਆਂ ਉਸ ਦੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਲਗਭਗ ਤੋੜ ਹੀ ਦਿੱਤਾ ਹੈ। ਪੰਜਾਬ ਲਈ ਕਰੋ ਜਾਂ ਮਰੋ ਮੁਕਾਬਲੇ ਵਿਚ ਗੇਂਦਬਾਜ਼ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਟੂਰਮਾਮੈਂਟ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਦਿੱਲੀ ਕੈਪੀਟਲਸ ਤੋਂ ਮਿਲੀ 15 ਦੌੜਾਂ ਦੀ ਹਾਰ ਤੋਂ ਬਾਅਦ ਹੁਣ ਪੰਜਾਬ ਕਿੰਗਜ਼ ਦਾ ਟੂਰਨਾਮੈਂਟ ਦੇ ਪਲੇਆਫ਼ ਵਿਚ ਪਹੁੰਚਣ ਦੀਆਂ ਉਮੀਦਾਂ ਨਾ ਦੇ ਬਰਾਬਰ ਹੀ ਪਹੁੰਚ ਗਈਆਂ ਹਨ। ਬਾਕੀ ਟੀਮਾਂ ਦੇ ਮੁਕਾਬਲਿਆਂ ਵਿਚ ਕੋਈ ਵੱਡਾ ਉਲਟਫੇਰ ਹੀ ਪੰਜਾਬ ਨੂੰ ਪਲੇਆਫ਼ ਵਿਚ ਪਹੁੰਚਾ ਸਕਦਾ ਹੈ। 

ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੂਰਨਾਮੈਂਟ ਵਿਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਦਿੱਲੀ ਕੈਪਟੀਲਸ ਦੀ ਬੱਲੇਬਾਜ਼ੀ ਨੇ ਇਸ ਮੈਚ ਵਿਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਪ੍ਰਿਥਵੀ ਸ਼ਾਅ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦੁਆਈ। ਦੋਵਾਂ ਨੇ ਪਹਿਲੇ 10 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 94 ਦੌੜਾਂ ਜੋੜ ਲਈਆਂ। ਵਾਰਨਰ ਦੇ 46 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਰੂਸੋ ਨੇ ਵੀ ਸ਼ਾਅ ਦਾ ਸਾਥ ਦਿੱਤਾ। ਪ੍ਰਿਥਵੀ ਸ਼ਾਅ ਨੇ 54 ਦੌੜਾਂ ‘ਤੇ ਸੈਮ ਕਰਨ ਦੀ ਗੇਂਦ ‘ਤੇ ਆਪਣੀ ਵਿਕਟ ਗੁਆਈ। ਦੂਜੇ ਪਾਸਿਓਂ ਰੂਸੋ ਦੀ ਧਾਕੜ ਬੱਲੇਬਾਜ਼ੀ ਜਾਰੀ ਰਹੀ। ਉਸ ਨੇ ਤੂਫ਼ਾਨੀ ਪਾਰੀ ਖੇਡਦਿਆਂ 37 ਗੇਂਦਾਂ ਵਿਚ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਵਿਚ 6 ਛਿੱਕੇ ਤੇ 6 ਚੌਕੇ ਵੀ ਸ਼ਾਮਲ ਹਨ। ਸਾਲਟ ਨੇ ਵੀ 2 ਚੌਕਿਆਂ ਤੇ 2 ਛਿੱਕਿਆਂ ਸਦਕਾ 26 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਹਰ ਵਿਕਟ ਲਈ 50 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਦਿੱਲੀ ਨੇ 20 ਓਵਰਾਂ ਵਿਚ 2 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ। 

ਕਰੋ ਜਾਂ ਮਰੋ ਮੁਕਾਬਲੇ ਵਿਚ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਚੰਗੀ ਫਾਰਮ ਵਿਚ ਚੱਲ ਰਹੇ ਕਪਤਾਨ ਸ਼ਿਖਰ ਧਵਨ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਉਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਤੇ ਅਥਰਵਾ ਤਾਇੜੇ ਨੇ ਪਾਰੀ ਨੂੰ ਸੰਭਾਲਿਆ ਤੇ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਤਾਇੜੇ 55 ਦੌੜਾਂ ‘ਤੇ ਫੱਟੜ ਹੋ ਕੇ ਪਵੇਲੀਅਨ ਪਰਤ ਗਏ। ਲਿਅਮ ਲਿਵਿੰਗਸਟਨ ਨੇ ਤੂਫ਼ਾਨੀ ਪਾਰੀ ਖੇਡਦਿਆਂ 48 ਗੇਂਦਾਂ ਵਿਚ 9 ਛਿੱਕਿਆਂ ਸਦਕਾ 94 ਦੌੜਾਂ ਜੜੀਆਂ। ਪਰ ਇਹ ਟੀਮ ਨੂੰ ਜਿੱਤ ਤਕ ਪਹੁੰਚਾਉਣ ਲਈ ਕਾਫ਼ੀ ਨਹੀਂ ਸੀ। ਪੰਜਾਬ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 198 ਦੌੜਾਂ ਹੀ ਬਣਾ ਸਕੀ ਤੇ ਇੰਝ ਰੋਮਾਂਚਕ ਮੁਕਾਬਲੇ ਵਿਚ ਉਸ ਦੀ 15 ਦੌੜਾਂ ਨਾਲ ਹਾਰ ਹੋਈ।

Add a Comment

Your email address will not be published. Required fields are marked *