ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ

ਨਵੀਂ ਦਿੱਲੀ – ਕਾਂਗਰਸ ਦੀ ਨੇਤਾ ਸੁਪ੍ਰੀਆ ਸ਼੍ਰੀਨੇਤ ਵੱਲੋਂ ਹਿਮਾਚਲ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ’ਤੇ ਕੀਤੀ ਗਈ ਟਿੱਪਣੀ ਦਾ ਵਿਵਾਦ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਇਸ ਵਿਚਾਲੇ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਵੱਲੋਂ ਮਥੁਰਾ ਤੋਂ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ’ਤੇ ਕੀਤੀ ਗਈ ਵਿਵਾਦ ਭਰੀ ਟਿੱਪਣੀ ਤੋਂ ਬਾਅਦ ਸਿਆਸੀ ਘਮਸਾਨ ਮਚ ਗਿਆ ਹੈ। ਸੁਰਜੇਵਾਲਾ ਨੇ ਇਕ ਚੋਣ ਸਭਾ ਦੌਰਾਨ ਟਿੱਪਣੀ ਕੀਤੀ ਕਿ,‘‘ਲੋਕ ਐੱਮ. ਐੱਲ. ਏ. ਤੇ ਐੱਮ. ਪੀ. ਕਿਉਂ ਬਣਾਉਂਦੇ ਹਨ? ਤਾਂ ਜੋ ਉਹ ਸਾਡੀ ਆਵਾਜ਼ ਉਠਾ ਸਕਣ, ਸਾਡੀ ਗੱਲ ਮੰਨਵਾਉਣ, ਇਸੇ ਲਈ ਬਣਾਉਂਦੇ ਹੋਣਗੇ। ਕੋਈ ਹੇਮਾ ਮਾਲਿਨੀ ਤਾਂ ਹੈ ਨਹੀਂ, ਜੋ ਚੱਟਣ ਲਈ ਬਣਾਉਂਦੇ ਹਨ।’’

ਇਨ੍ਹਾਂ ਦੀ ਇਸ ਟਿੱਪਣੀ ਦੀ ਵੀਡੀਓ ਭਾਜਪਾ ਆਈ. ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਕਰ ਕੇ ਉਨ੍ਹਾਂ ’ਤੇ ਹਮਲਾ ਬੋਲ ਦਿੱਤਾ। ਅਮਿਤ ਮਾਲਵੀਆ ਨੇ ਲਿਖਿਆ ਕਿ ਇਹ ‘ਸਭ ਤੋਂ ਨਫਰਤ ਭਰਿਆ ਵਰਣਨ ਹੈ, ਜੋ ਕੋਈ ਵੀ ਕਰ ਸਕਦਾ ਹੈ।’’ ਭਾਜਪਾ ਨੇਤਾ ਨੇ ਕਿਹਾ,‘‘ਇਹ ਰਾਹੁਲ ਗਾਂਧੀ ਦੀ ਕਾਂਗਰਸ ਹੈ, ਜੋ ਔਰਤਾਂ ਨਾਲ ਨਫਰਤ ਕਰਦੀ ਹੈ।’’ 

ਸੀ. ਐੱਮ. ਆਦਿੱਤਿਆਨਾਥ ਯੋਗੀ ਨੇ ਸੁਰਜੇਵਾਲਾ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ,‘‘ਇਹ ਰਾਧਾ ਰਾਣੀ ਦੀ ਭੂਮੀ ਹੈ। ਜੇ ਅੱਧੀ ਆਬਾਦੀ ਦਾ ਅਪਮਾਨ ਕਰੋਗੇ ਤਾਂ ਅੱਧੀ ਆਬਾਦੀ ਹੀ ਨਹੀਂ, ਸਗੋਂ ਪੂਰਾ ਭਾਰਤ ਵਰਸ਼ ਅਜਿਹਾ ਸਬਕ ਸਿਖਾਏਗਾ ਕਿ ਅੱਗੇ ਤੋਂ ਸਿਆਸਤ ਕਰਨ ਲਾਇਕ ਬਚ ਨਹੀਂ ਸਕੋਗੇ।’’ ‘‘ਹੁਣ ਉਹ ਭਾਰਤ ਦੀ ਮਾਤ-ਸ਼ਕਤੀ ਪ੍ਰਤੀ ਅਪਮਾਨ ਭਰੀ ਟਿੱਪਣੀ ਕਰ ਕੇ ਅੱਧੀ ਆਬਾਦੀ ਦਾ ਅਪਮਾਨ ਕਰਨ ’ਤੇ ਉਤਾਰੂ ਹੋ ਚੁੱਕੇ ਹਨ ਪਰ ਕਾਂਗਰਸ ਤੇ ਉਸ ਦੇ ਗੱਠਜੋੜ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਰਾਧਾ-ਰਾਣੀ ਦੀ ਭੂਮੀ ਹੈ, ਯਮੁਨਾ ਮਈਆ ਦੀ ਕਿਰਪਾ ਇਸ ਭੂਮੀ ’ਤੇ ਹੈ। ਜੇ ਅੱਧੀ ਆਬਾਦੀ ਦਾ ਅਪਮਾਨ ਕਰੋਗੇ ਤਾਂ ਅੱਧੀ ਆਬਾਦੀ ਹੀ ਨਹੀਂ, ਸਗੋਂ ਪੂਰਾ ਭਾਰਤ ਵਰਸ਼ ਇਨ੍ਹਾਂ ਨੂੰ ਅਜਿਹਾ ਸਬਕ ਸਿਖਾਏਗਾ ਕਿ ਅੱਗੇ ਤੋਂ ਸਿਆਸਤ ਕਰਨ ਲਾਇਕ ਬਚ ਨਹੀਂ ਸਕੋਗੇ।’’

ਪੂਰੇ ਮਾਮਲੇ ’ਚ ਟਿੱਪਣੀ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ ਕਿ ਉਹ ਜਨਤਾ ’ਚ ਲੋਕਪ੍ਰਿਯ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਦੇ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਹੈ ਕਿ ਔਰਤਾਂ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ ਹੈ। ਭਾਜਪਾ ਦੇ ਆਈ. ਟੀ. ਸੈੱਲ ਨੂੰ ਕੱਟ-ਵੱਢ ਕੇ, ਤੋੜ-ਮਰੋੜ ਕੇ ਫਰਜ਼ੀ ਤੇ ਝੂਠੀਆਂ ਗੱਲਾਂ ਫੈਲਾਉਣ ਦੀ ਆਦਤ ਪੈ ਗਈ ਹੈ ਤਾਂ ਜੋ ਹਰ ਰੋਜ਼ ਮੋਦੀ ਸਰਕਾਰ ਦੀਆਂ ਨੌਜਵਾਨ ਵਿਰੋਧੀ, ਕਿਸਾਨ ਵਿਰੋਧੀ, ਗਰੀਬ ਵਿਰੋਧੀ ਨੀਤੀਆਂ-ਅਸਫਲਤਾਵਾਂ ਅਤੇ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਤੋਂ ਦੇਸ਼ ਦਾ ਧਿਆਨ ਭਟਕਾ ਸਕੇ।

ਵਿਵਾਦ ਵਿਚਾਲੇ ਕੌਮੀ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਵੱਲੋਂ ਲਿਖੀ ਗਈ ਚਿੱਠੀ ਵਿਚ ਰਣਦੀਪ ਸੁਰਜੇਵਾਲਾ ਦੇ ਬਿਆਨ ਨੂੰ ਮਹਿਲਾ ਵਿਰੋਧੀ ਦੱਸਿਆ ਗਿਆ ਹੈ ਅਤੇ ਇਸ ਮਾਮਲੇ ’ਚ ਸੁਰਜੇਵਾਲਾ ਖਿਲਾਫ ਤੁਰੰਤ ਕਾਰਵਾਈ ਕਰ ਕੇ 3 ਦਿਨਾਂ ਅੰਦਰ ਕਮਿਸ਼ਨ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

Add a Comment

Your email address will not be published. Required fields are marked *