ਭਾਰਤੀ ਬਾਜ਼ਾਰ ’ਚ ਵਿਕ ਰਿਹੈ ਚੀਨ ਦਾ ਨਕਲੀ ਲਸਣ

ਨਵੀਂ ਦਿੱਲੀ- ਸਮੱਗਲਿੰਗ ਸ਼ਬਦ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ, ਲੋਕਾਂ ਨੂੰ ਦੇ ਮਨ ’ਚ ਚਰਸ-ਅਫੀਮ ਜਾਂ ਫਿਰ ਕੋਈ ਦੂਜੇ ਨਸ਼ੀਲੇ ਪਦਾਰਥਾਂ ਦਾ ਖ਼ਿਆਲ ਆਉਂਦਾ ਹੈ। ਕੀ ਕਦੇ ਤੁਸੀਂ ਸੋਚਿਆ ਹੈ ਕਿ ਲਸਣ ਦੀ ਵੀ ਸਮੱਗਲਿੰਗ ਹੁੰਦੀ ਹੋਵੇਗੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਅਜਿਹਾ ਹਕੀਕਤ ’ਚ ਹੋ ਰਿਹਾ ਹੈ। ਚੀਨ ਤੋਂ ਆਇਆ ਨਕਲੀ ਲਸਣ ਭਾਰਤੀ ਬਾਜ਼ਾਰ ’ਚ ਵੇਚਿਆ ਜਾ ਰਿਹਾ ਹੈ, ਇਸ ਦੀ ਪਛਾਣ ਕਰਨ ਅਤੇ ਉਸ ’ਤੇ ਲਗਾਮ ਲਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਚੁੱਕਾ ਹੈ।

ਹਾਲ ਹੀ ’ਚ ਭਾਰਤ ’ਚ ਸਮੱਗਲ ਕੀਤੇ ਗਏ ਚੀਨੀ ਲਸਣ ਦੀ ਇਕ ਵੱਡੀ ਖੇਪ ਨੇ ਅਧਿਕਾਰੀਆਂ ਨੂੰ ਲੈਂਡ ਕਸਟਮ ਪੋਸਟ ’ਤੇ ਨਿਗਰਾਨੀ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਮਾਮਲੇ ਤੋਂ ਜਾਣਕਾਰ ਲੋਕਾਂ ਨੇ ਦੱਸਿਆ ਕਿ ਕਸਟਮ ਅਧਿਕਾਰੀਆਂ ਨੇ ਸਰਹੱਦੀ ਨੇਪਾਲ ਅਤੇ ਬੰਗਲਾਦੇਸ਼ ਦੇ ਰਸਤੇ ਸਮੱਗਲਿੰਗ ਨੂੰ ਰੋਕਣ ਲਈ ਖੋਜੀ ਕੁੱਤਿਆਂ ਨੂੰ ਤਾਇਨਾਤ ਕੀਤਾ ਹੈ ਅਤੇ ਥੋਕ ਵਿਕਰੇਤਾਵਾਂ ਅਤੇ ਗੋਦਾਮਾਂ ’ਤੇ ਆਪਣੀ ਸਥਾਨਕ ਖੁਫੀਆ ਜਾਣਕਾਰੀ ਨੂੰ ਚੌਕਸ ਕਰ ਦਿੱਤਾ ਹੈ।

ਇਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਮਾਮਲਿਆਂ ’ਚ ਵਾਧਾ ਹੋਇਆ ਹੈ। ਖ਼ਾਸ ਕਰ ਕੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੂਰਬ-ਉੱਤਰ ’ਚ, ਜਿੱਥੇ ਨੇਪਾਲ ਦੇ ਰਸਤੇ ਲਸਣ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਭਾਰਤ ਨੇ 2014 ’ਚ ਦੇਸ਼ ’ਚ ਫੰਗਸ ਨਾਲ ਇਨਫੈਕਟਿਡ ਲਸਣ ਆਉਣ ਦੀ ਰਿਪੋਰਟ ਤੋਂ ਬਾਅਦ ਚੀਨੀ ਲਸਣ ਦੇ ਦਰਾਮਦ ’ਤੇ ਪਾਬੰਦੀ ਲਾ ਦਿੱਤੀ ਸੀ। ਪਿਛਲੇ ਮਹੀਨੇ ਕਸਟਮ ਡਿਊਟੀ ਅਧਿਕਾਰੀਆਂ ਨੇ ਸਿਕਟਾ ਭੂਮੀ ਕਸਟਮ ਡਿਊਟੀ ਚੌਕੀ ’ਤੇ 1.35 ਕਰੋੜ ਰੁਪਏ ਕੀਮਤ ਦੀ 64,000 ਕਿਲੋਗ੍ਰਾਮ ਚੀਨੀ ਲਸਣ ਦੀ ਖੇਪ ਫੜੀ ਸੀ।

ਜਾਣਕਾਰ ਲੋਕਾਂ ਅਨੁਸਾਰ ਘਰੇਲੂ ਬਾਜ਼ਾਰ ’ਚ ਕੀਮਤਾਂ ’ਚ ਵਾਧਾ ਅਤੇ ਬਰਾਦਮ ’ਚ ਤੇਜ਼ ਵਾਧੇ ਕਾਰਨ ਸਮੱਗਲਿੰਗ ’ਚ ਵਾਧਾ ਹੋਇਆ ਹੈ। ਉਦਯੋਗ ਦੇ ਅੰਦਰੂਨੀ ਸੂਤਰਾਂ ਦਾ ਅੰਦਾਜ਼ਾ ਹੈ ਕਿ ਦੇਸ਼ ’ਚ ਚੀਨੀ ਕਿਸਮ ਦਾ ਸਟਾਕ 1,000-1,200 ਟਨ ਹੈ। ਪਿਛਲੇ ਸਾਲ ਨਵੰਬਰ ਤੋਂ ਕੀਮਤਾਂ ਲੱਗਭਗ ਦੁੱਗਣੀਆਂ ਹੋ ਕੇ 450-500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ। ਪਿਛਲੇ ਕੁਝ ਮਹੀਨਿਆਂ ’ਚ ਕੀਮਤਾਂ ’ਚ ਉਛਾਲ ਦੇ ਪਿੱਛੇ ਫ਼ਸਲ ਦੇ ਨੁਕਸਾਨ ਅਤੇ ਬੀਜਾਈ ’ਚ ਦੇਰੀ ਨੂੰ ਮੁੱਢਲੇ ਕਾਰਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।

ਬਾਜ਼ਾਰ ’ਚ ਚੀਨੀ ਕਿਸਮ ਦੀ ਵਿਕਰੀ ਸ਼ੁਰੂ ਹੁੰਦੇ ਹੀ ਸਥਾਨਕ ਵਪਾਰੀਆਂ ਨੇ ਇਸ ਮੁੱਦੇ ਨੂੰ ਸਰਕਾਰ ਦੇ ਸਾਹਮਣੇ ਉਠਾਇਆ। ਚੀਨ ਅਤੇ ਭਾਰਤ ਸਭ ਤੋਂ ਵੱਡੇ ਗਲੋਬਲ ਲਸਣ ਉਤਪਾਦਕਾਂ ’ਚੋਂ ਹਨ ਪਰ ਭਾਰਤੀ ਲਸਣ ਦੀ ਮੰਗ ਵਿਸ਼ੇਸ਼ ਰੂਪ ਨਾਲ ਅਮਰੀਕਾ, ਪੱਛਮ ਏਸ਼ੀਆ, ਬ੍ਰਾਜੀਲ ਅਤੇ ਏਸ਼ੀਆਈ ਦੇਸ਼ਾਂ ’ਚ ਕੋਵਿਡ-19 ਤੋਂ ਬਾਅਦ ਵਧੀ ਹੈ। 2022-23 ’ਚ ਭਾਰਤ ਦੀ ਲਸਣ ਬਰਾਮਦ 57,346 ਟਨ ਰਹੀ, ਜਿਸ ਦੀ ਕੀਮਤ 246 ਕਰੋੜ ਰੁਪਏ ਸੀ। ਮਸਾਲਾ ਬੋਰਡ ਅਨੁਸਾਰ ਭਾਰਤ ਨੇ ਇਸ ਵਿੱਤੀ ਸਾਲ ’ਚ ਅਪ੍ਰੈਲ-ਸਤੰਬਰ ਦੀ ਮਿਆਦ ’ਚ 277 ਕਰੋੜ ਰੁਪਏ ਦੇ 56,823 ਟਨ ਲਸਣ ਦੀ ਬਰਾਮਦ ਕੀਤੀ।

Add a Comment

Your email address will not be published. Required fields are marked *