ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ

ਕ੍ਰਿਕਟ ਵਿਸ਼ਵ ਕੱਪ ਦਾ ਫਾਇਨਲ ਮੈਚ 19 ਨਵੰਬਰ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ‘ਚ ਹੋਣ ਜਾ ਰਿਹਾ ਹੈ। ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਪ੍ਰਸ਼ੰਸਕ ਇਸ ਮੈਚ ਨੂੰ ਦੇਖਣ ਲਈ ਦੀਵਾਨੇ ਹੋਏ ਪਏ ਹਨ। ਭਾਰਤ ਦੇ ਫਾਈਨਲ ਮੈਚ ਦਾ ਕ੍ਰੇਜ਼ ਲੋਕਾਂ ‘ਚ ਇੰਨਾ ਵੱਧ ਗਿਆ ਹੈ ਕਿ ਮੈਚ ਦੇਖਣ ਲਈ ਅਹਿਮਦਾਬਾਦ ਦੇ ਹੋਟਲਾਂ ਵਿੱਚ ਆਏ ਲੋਕਾਂ ਦੇ ਕਮਰਿਆਂ ਦਾ ਕਿਰਾਇਆ ਪੰਜ ਤੋਂ ਛੇ ਗੁਣਾ ਵੱਧ ਗਿਆ ਹੈ। 

ਹੋਟਲ ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਦਾ ਕਮਰੇ ਦਾ ਕਿਰਾਇਆ 2-3 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਨੂੰ ਜਾਣ ਵਾਲੀਆਂ ਸਾਰੀਆਂ ਉਡਾਣਾਂ ਭਰੀਆਂ ਹੋਈਆਂ ਜਾ ਰਹੀਆਂ ਹਨ। ਸਿਰਫ਼ ਉਡਾਣਾਂ ਹੀ ਨਹੀਂ, ਉਕਤ ਸਥਾਨ ‘ਤੇ ਜਾਣ ਵਾਲੀਆਂ ਸਾਰੀਆਂ ਟਰੇਨਾਂ ਅਤੇ ਹੋਰ ਟਰਾਂਸਪੋਰਟ ਦੇ ਕਿਰਾਏ ਵਿੱਚ ਵੀ ਕਈ ਗੁਣਾਂ ਵਾਧਾ ਹੋਇਆ ਹੈ। ਮੈਚ ਵੇਖਣ ਲਈ ਅਹਿਮਦਾਬਾਦ ਵਿੱਚ ਰਹਿਣਾ ਲੋਕਾਂ ਲਈ ਇੱਕ ਮੁਸ਼ਕਿਲ ਚੁਣੌਤੀ ਬਣ ਗਿਆ ਹੈ, ਕਿਉਂਕਿ ਚੰਗੇ ਹੋਟਲਾਂ ਦੇ ਕਮਰਿਆਂ ਦਾ ਕਿਰਾਇਆ 24,000 ਰੁਪਏ ਪ੍ਰਤੀ ਰਾਤ ਤੋਂ ਵਧ ਕੇ 2,15,000 ਰੁਪਏ ਪ੍ਰਤੀ ਰਾਤ ਹੋ ਗਿਆ ਹੈ। 

ਦੱਸ ਦੇਈਏ ਕਿ ਆਮ ਹੋਟਲ ਦੇ ਕਮਰੇ ਦਾ ਰਾਤ ਦਾ ਕਿਰਾਇਆ 10,000 ਰੁਪਏ ਤੱਕ ਪਹੁੰਚ ਗਿਆ ਹੈ। ਫਾਈਵ ਸਟਾਰ ਹੋਟਲ ਦੀ ਕੀਮਤ 1 ਲੱਖ ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਹਨਾਂ ਨੇ ਯਾਤਰਾ ਔਨਲਾਈਨ ‘ਤੇ ਉਪਲਬਧ ਸਟੇਡੀਅਮ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਹੋਟਲ ਦੇ ਕਮਰੇ ਪਹਿਲਾਂ ਹੀ ਬੁੱਕ ਕਰਵਾ ਲਏ ਹਨ। ਜਿਹੜੇ ਕਮਰਿਆਂ ਦਾ ਰਾਤ ਦਾ ਕਿਰਾਇਆ ਆਮ ਦਿਨਾਂ ‘ਚ 8,000 ਰੁਪਏ ਦੇ ਕਰੀਬ ਹੁੰਦਾ ਹੈ, ਉਹ ਇਸ ਵੇਲੇ 24,000 ਤੋਂ 40,000 ਰੁਪਏ ਤੱਕ ਚੱਲ ਰਹੇ ਹਨ। ਹਵਾਈ ਕਿਰਾਏ ਵਿੱਚ ਔਸਤਨ 250 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਦਿੱਲੀ ਤੋਂ ਅਹਿਮਦਾਬਾਦ ਦੀਆਂ ਵਾਪਸੀ ਦੀਆਂ ਟਿਕਟਾਂ 400 ਫੀਸਦੀ ਮਹਿੰਗੀਆਂ ਹੋ ਗਈਆਂ ਹਨ।

Add a Comment

Your email address will not be published. Required fields are marked *