ਟਾਂਡਾ ਦੀ ਕੁੜੀ ਨੇ ਕੈਨੇਡਾ ਏਅਰਫੋਰਸ ‘ਚ ਕੈਪਟਨ ਬਣ ਗੱਡੇ ਝੰਡੇ

ਟਾਂਡਾ ਉੜਮੁੜ – ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਵੱਸੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਉੱਚੇ ਮੁਕਾਮ ਹਾਸਲ ਕੀਤੇ ਹਨ। ਅਜਿਹੀਆਂ ਮਿਸਾਲਾਂ ਵਿੱਚੋਂ ਇਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਂਦੀਆ ਦੇ ਪਰਿਵਾਰ ਦੀ ਧੀ ਨਾਲ ਵੀ ਸੰਬੰਧਤ ਹੈ, ਜਿਸ ਨੇ ਕੈਨੇਡਾ ਵਿਚ ਸਫ਼ਲਤਾ ਦੇ ਝੰਡੇ ਗੱਡੇ ਹਨ। ਮਿਲੀ ਜਾਣਕਾਰੀ ਮੁਤਾਬਕ ਸੇਵਾਮੁਕਤ ਪ੍ਰਿੰਸੀਪਲ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਟਾਂਡਾ ਕਸ਼ਮੀਰ ਸਿੰਘ ਚੌਹਾਨ ਦੀ ਪੋਤਰੀ ਅਨਮੋਲ ਕੌਰ ਚੌਹਾਨ ਪੁੱਤਰੀ ਤੇਜਿੰਦਰ ਸਿੰਘ ਅਤੇ ਰਣਜੀਤ ਕੌਰ ਨੇ ਮਕੈਨੀਕਲ ਇੰਜੀਨੀਰਿੰਗ ਦੀ ਪੜ੍ਹਾਈ ਕਰਕੇ ਕੈਨੇਡਾ ਏਅਰਫੋਰਸ ਵਿਚ ਕਮਿਸ਼ਨਡ ਰੈਂਕ ਕੈਪਟਨ ਬਣੀ ਹੈ। 

ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿਚ ਵਸਿਆ ਚੌਹਾਨ ਪਰਿਵਾਰ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੈ। ਪੰਜਾਬੀਅਤ ਦੀ ਪਰਵਰਿਸ਼ ਦੇ ਚਲਦਿਆਂ ਕੈਨੇਡੀਅਨ ਬੋਰਨ ਕੈਪਟਨ ਅਨਮੋਲ ਕੌਰ ਨੇ ਪਿੰਡ ਰਾਂਦੀਆਂ ਆ ਕੇ ਬੜੇ ਹੀ ਸਾਦੇ ਤਰੀਕੇ ਨਾਲ ਮੈਰਿਜ ਪੈਲਸਾਂ ਦੀ ਚਕਾਚੌਂਦ ਤੋਂ ਦੂਰ ਪੰਜਾਬੀ ਮੁੰਡੇ ਚੂਹੜਚੱਕ ਵਾਸੀ ਲਖਵਿੰਦਰ ਸਿੰਘ ਕਲੇਰ ਪੁੱਤਰ ਨਛੱਤਰ ਸਿੰਘ ਅਤੇ ਹਰਜਿੰਦਰ ਕੌਰ ਨਾਲ ਗੁਰੂਘਰ ਵਿਚ ਲਾਂਵਾਂ ਲਈਆਂ। ਪਿੰਡ ਦੀ ਧੀ ਕੈਪਟਨ ਅਨਮੋਲ ਕੌਰ ਚੌਹਾਨ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੁੰਦੀਆਂ ਪਿੰਡ ਵਾਸੀਆਂ ਨੇ ਉਸ ‘ਤੇ ਮਾਣ ਮਹਿਸੂਸ ਕੀਤਾ। 

Add a Comment

Your email address will not be published. Required fields are marked *