ਭਾਜਪਾ ਦੁਨੀਆ ਦੀ ਸਭ ਤੋਂ ਅਹਿਮ ਪਾਰਟੀ, ਅਮਰੀਕਾ ਦੇ ਮੁੱਖ ਅਖ਼ਬਾਰ ਨੇ ਕੀਤੀ ਤਾਰੀਫ਼

ਵਾਸ਼ਿੰਗਟਨ : ਅਮਰੀਕਾ ਦੇ ਇਕ ਪ੍ਰਮੁੱਖ ਅਖ਼ਬਾਰ ਨੇ ਆਰਐੱਸਐੱਸ, ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਅਹਿਮ ਦਾਅਵਾ ਕੀਤਾ ਹੈ। ਅਮਰੀਕੀ ਅਖ਼ਬਾਰ ‘ਦਿ ਵਾਲ ਸਟਰੀਟ ਜਰਨਲ’ ‘ਚ ਛਪੇ ਇਕ ਲੇਖ ‘ਚ ਕਿਹਾ ਗਿਆ ਹੈ ਕਿ ਭਾਜਪਾ ਦੁਨੀਆ ਦੀ ਸਭ ਤੋਂ ਅਹਿਮ ਅੰਤਰਰਾਸ਼ਟਰੀ ਸਿਆਸੀ ਪਾਰਟੀ ਹੈ। ਵਾਲਟਰ ਰਸਲ ਮੀਡ ਦੁਆਰਾ ਲਿਖੇ ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਇਸ ਪਾਰਟੀ ਬਾਰੇ ਸ਼ਾਇਦ ਦੁਨੀਆ ‘ਚ ਸਭ ਤੋਂ ਘੱਟ ਜਾਣਿਆ ਗਿਆ ਹੈ। 2014 ਅਤੇ 2019 ਵਿੱਚ ਚੋਣ ਜਿੱਤਾਂ ਤੋਂ ਬਾਅਦ ਭਾਜਪਾ 2024 ਵਿੱਚ ਮੁੜ ਜਿੱਤ ਵੱਲ ਵਧ ਰਹੀ ਹੈ। ਲੇਖ ਮੁਤਾਬਕ ਅਮਰੀਕੀ ਹਿੱਤਾਂ ਦੇ ਲਿਹਾਜ਼ ਨਾਲ ਭਾਜਪਾ ਸਭ ਤੋਂ ਮਹੱਤਵਪੂਰਨ ਸਿਆਸੀ ਪਾਰਟੀ ਹੈ। ਜੇਕਰ ਹਿੰਦ-ਪ੍ਰਸ਼ਾਂਤ ਵਿੱਚ ਚੀਨ ਦਾ ਮੁਕਾਬਲਾ ਕਰਨਾ ਹੈ ਤਾਂ ਅਮਰੀਕਾ ਨੂੰ ਭਾਰਤ ਦੀ ਸਭ ਤੋਂ ਵੱਧ ਲੋੜ ਪਵੇਗੀ।

ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਇਕ ਵੱਡੀ ਆਰਥਿਕ ਸ਼ਕਤੀ ਵਜੋਂ ਉਭਰ ਰਿਹਾ ਹੈ। ਜਾਪਾਨ ਇਸ ਖੇਤਰ ਵਿੱਚ ਪਹਿਲਾਂ ਹੀ ਅਮਰੀਕਾ ਦੇ ਨਾਲ ਹੈ। ਭਵਿੱਖ ‘ਚ ਭਾਜਪਾ ਅਜਿਹਾ ਦਬਦਬਾ ਕਾਇਮ ਕਰੇਗੀ, ਜਿਸ ਦੀ ਮਦਦ ਤੋਂ ਬਿਨਾਂ ਅਮਰੀਕਾ ਚੀਨ ਦੀ ਵਧਦੀ ਤਾਕਤ ਨੂੰ ਰੋਕ ਨਹੀਂ ਸਕੇਗਾ। ਉਸ ਲਈ ਅਜਿਹਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਲੇਖਕ ਮੀਡ ਨੇ ਕਿਹਾ ਕਿ ਜ਼ਿਆਦਾਤਰ ਗੈਰ-ਭਾਰਤੀ ਇਸ ਬਾਰੇ ਅਤੇ ਇਸ ਦੇ ਸੱਭਿਆਚਾਰਕ ਇਤਿਹਾਸ ਤੋਂ ਜਾਣੂ ਨਹੀਂ ਹਨ, ਇਸ ਲਈ ਭਾਜਪਾ ਨੂੰ ਘੱਟ ਸਮਝਿਆ ਜਾਂਦਾ ਹੈ ਪਰ ਅੱਜ ਭਾਜਪਾ ਦੀ ਚੋਣ ਤਾਕਤ ਇਸ ਦੇ ਵਰਕਰਾਂ ਦੀ ਪੀੜ੍ਹੀ-ਦਰ-ਪੀੜ੍ਹੀ ਮਿਹਨਤ ਅਤੇ ਸਮਾਜਿਕ ਅੰਦੋਲਨਾਂ ਤੋਂ ਆਈ ਹੈ।

ਮੀਡ ਨੇ ਲਿਖਿਆ ਹੈ ਕਿ ਇਜ਼ਰਾਈਲ ਦੀ ਲਿਕੁਡ ਪਾਰਟੀ ਵਾਂਗ ਭਾਜਪਾ ਵੀ ਬਾਜ਼ਾਰ ਪੱਖੀ ਅਰਥਵਿਵਸਥਾ ਚਾਹੁੰਦੀ ਹੈ ਅਤੇ ਇਸ ਲਈ ਲੋਕਪ੍ਰਿਯ ਅਤੇ ਰਵਾਇਤੀ ਨਾਅਰਿਆਂ ਦਾ ਸਹਾਰਾ ਲੈਂਦੀ ਹੈ। ਕਈ ਮਾਮਲਿਆਂ ਵਿੱਚ ਭਾਜਪਾ ਪੱਛਮੀ ਉਦਾਰਵਾਦ ਨੂੰ ਰੱਦ ਕਰਦੀ ਹੈ। ਚੀਨ ਦੀ ਕਮਿਊਨਿਸਟ ਪਾਰਟੀ ਵਾਂਗ ਬੀਜੇਪੀ ਇਕ ਅਰਬ ਤੋਂ ਵੱਧ ਲੋਕਾਂ ਨਾਲ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣਾ ਚਾਹੁੰਦੀ ਹੈ।

Add a Comment

Your email address will not be published. Required fields are marked *