ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ ‘ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ

ਕਾਲਾ ਸੰਘਿਆਂ – ਅਮਰੀਕਾ ਦੇ ਸੂਬੇ ਮਿੱਸੀਸਿਪੀ ਦੇ ਸ਼ਹਿਰ ਟੁਪੇਲੋ ਵਿਚ ਇਕ ਗੈਸ ਸਟੇਸ਼ਨ ਦੇ ਨਾਲ ਸਥਿਤ ਸਟੋਰ ਉਤੇ ਕੰਮ ਕਰਦੇ ਪੰਜਾਬੀ ਮੂਲ ਦੇ ਇਕ ਸਟੋਰ ਕਲਰਕ ਪਰਮਵੀਰ ਸਿੰਘ ਦਾ ਗੈਰ ਗੋਰੇ ਮੂਲ ਦੇ ਇਕ ਲੁਟੇਰੇ ਵੱਲੋਂ ਲੁੱਟ-ਖੋਹ ਕਰਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 33 ਸਾਲਾ ਪੰਜਾਬੀ ਨੌਜਵਾਨ ਪਰਮਵੀਰ ਸਿੰਘ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਗੁਰੂ ਰਾਮਦਾਸ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪੁੱਜੀ, ਜਿੱਥੋਂ ਮ੍ਰਿਤਕ ਦੇਹ ਨੂੰ ਸਵੇਰੇ ਕਰੀਬ 5 ਵਜੇ ਪਿੰਡ ਢਪੱਈ (ਕਪੂਰਥਲਾ) ਵਿਖੇ ਲਿਆਂਦਾ ਗਿਆ। ਜਿਉਂ ਹੀ ਪਰਮਵੀਰ ਦੀ ਲਾਸ਼ ਤਾਬੂਤ ਰਾਹੀਂ ਪਿੰਡ ਵਿਚ ਪੁੱਜੀ ਤਾਂ ਸਭ ਪਾਸੇ ਮਾਤਮ ਦੀ ਲਹਿਰ ਦੌੜ ਗਈ।


ਇਸੇ ਦੇ ਬਾਅਦ ਪਿੰਡ ਢਪੱਈ ਦੇ ਸ਼ਮਸ਼ਾਨਘਾਟ ਵਿਚ ਪਰਮਵੀਰ ਸਿੰਘ ਦਾ ਸੈਂਕੜੇ ਲੋਕਾਂ ਦੀਆਂ ਗਮਗੀਨ ਅੱਖਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਤਿ ਗਨਗੀਨ ਮਾਹੌਲ ਦੌਰਾਨ ਪਰਮਵੀਰ ਦੀ ਭੈਣ ਵੱਲੋਂ ਆਪਣੇ ਜਾਨੋਂ ਵੱਧ ਪਿਆਰੇ ਵੀਰ ਦੀ ਦਸਤਾਰ ‘ਤੇ ਕਲਗੀ ਲਗਾ ਕੇ ਭਰੇ ਮਨ ਨਾਲ ਵਿਦਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਰਮਵੀਰ ਸਿੰਘ ਪਿੰਡ ਦੀ ਢਪੱਈ, ਜ਼ਿਲ੍ਹਾ ਕਪੂਰਥਲਾ ਦੀ ਮੌਜੂਦਾ ਸਰਪੰਚ ਦਾ ਇਕਲੌਤਾ ਪੁੱਤਰ ਸੀ। ਉਸ ਦੀ ਛੋਟੀ ਭੈਣ ਕੈਨੇਡਾ ਰਹਿ ਰਹੀ ਹੈ। ਪਰਮਵੀਰ ਦੇ ਦੋਸਤਾਂ ਨੇ ਦੱਸਿਆ ਕਿ ਉਹ ਲੰਮਾ ਸਮਾਂ ਕੁਵੈਤ ਰਿਹਾ, ਫਿਰ ਲਾਕਡਾਊਨ ਦੌਰਾਨ ਪਿੰਡ ਰਿਹਾ ਅਤੇ ਲੋੜਵੰਦਾਂ ਦੀ ਲੰਗਰ ਰਾਹੀਂ ਸਹਾਇਤਾ ਕਰਦਾ ਰਿਹਾ। ਪਰਮਵੀਰ ਸਿੰਘ ਦੀ ਅੰਤਮ ਅਰਦਾਸ ਉਸ ਦੇ ਪਿੰਡ ਢਪੱਈ ਦੇ ਗੁਰਦੁਆਰਾ ਸਰਜਾ ਸਿੰਘ ਵਿਖੇ 25 ਸਤੰਬਰ ਦਿਨ ਐਤਵਾਰ ਨੂੰ ਕੀਤੀ ਕੀਤੀ ਜਾ ਰਹੀ ਹੈ।

ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਢੱਪਈ, ਜਥੇਦਾਰ ਅਮਰਜੀਤ ਸਿੰਘ ਢੱਪਈ, ਅਜਮੇਰ ਸਿੰਘ ਢਪੱਈ, ਸੁਖਜੀਤ ਸਿੰਘ ਢੱਪਈ ਮਨਵੀਰ ਸਿੰਘ ਵਡਾਲਾ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਜ਼ਿਲਾ ਕਪੂਰਥਲਾ, ਸੁਖਦੇਵ ਸਿੰਘ ਕਾਦੂਪੁਰ ਸਾਬਕਾ ਜ਼ਿਲਾ ਪ੍ਰਧਾਨ ਯੂਥ ਵਿੰਗ ਕਪੂਰਥਲਾ, ਜੱਸਾ ਸਰਪੰਚ ਕੋਟ ਗੋਬਿੰਦਪੁਰ, ਰਣਜੀਤ ਸਿੰਘ ਵਡਾਲਾ, ਗਿਆਨ ਚੰਦ ਭੱਟੀ ਰਾਸ਼ਟਰੀ ਸੰਚਾਲਕ ਵਾਲਮੀਕਿ ਆਦਿ ਧਰਮ ਸਮਾਜ ਸਮੇਤ ਕਈ ਹੋਰ ਸਰਕਰਦਾ ਸ਼ਖ਼ਸੀਅਤਾਂ ਇਸ ਮੌਕੇ ‘ਤੇ ਹਾਜ਼ਰ ਸਨ।

Add a Comment

Your email address will not be published. Required fields are marked *