ਕੱਲ੍ਹ ਜਲੰਧਰ ਦੇ ਇਨ੍ਹਾਂ ਰੂਟਾਂ ‘ਤੇ ਰਹੇਗੀ ਆਵਾਜਾਈ ਦੀ ਪਾਬੰਦੀ

ਜਲੰਧਰ –29 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਜਾ ਰਹੀਆਂ ਖੇਡਾਂ ਕਾਰਨ ਟਰੈਫਿਕ ਪੁਲਸ ਨੇ ਸਟੇਡੀਅਮ ਵੱਲ ਜਾਣ ਵਾਲੇ ਰਸਤੇ ਡਾਇਵਰਟ ਕੀਤੇ ਹਨ। ਟਰੈਫਿਕ ਪੁਲਸ ਵੱਲੋਂ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਡਾਇਵਰਟ ਕੀਤੇ ਰਸਤਿਆਂ ਦੀ ਹੀ ਵਰਤੋਂ ਕੀਤੀ ਜਾਵੇ। ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਤਿਆਰੀਆਂ ਕਰ ਲਈਆਂ ਹਨ। ਰਾਸ਼ਟਰੀ ਖੇਡ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। 

ਏ. ਡੀ. ਸੀ. ਪੀ. ਟਰੈਫਿਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਮਰਾ ਚੌਂਕ ਤੋਂ ਚੁਨਚੁਨ ਚੌਂਕ ਵੱਲ ਆਉਣ ਵਾਲੇ ਆਮ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। ਸਿਟੀ ਹਸਪਤਾਲ ਚੌਂਕ ਤੋਂ ਮਿਲਕ ਬਾਰ ਚੌਂਕ ਵੱਲ ਅਤੇ ਮਿਲਕ ਬਾਰ ਚੌਂਕ ਤੋਂ ਸਿਟੀ ਹਸਪਤਾਲ ਵੱਲ ਜਾਂਦੀ ਰੋਡ ਨੂੰ ਵੀ ਟਰੈਫਿਕ ਪੁਲਸ ਵੱਲੋਂ ਬੰਦ ਕੀਤਾ ਗਿਆ ਹੈ। ਟੀ-ਪੁਆਇੰਟ ਏ. ਪੀ. ਜੇ. ਕਾਲਜ ਵੱਲੋਂ ਨਿਊ ਜਵਾਹਰ ਨਗਰ ਮਾਰਕੀਟ ਵੱਲ ਆਉਣ-ਜਾਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਬੰਦ ਰਹੇਗੀ। ਮਸੰਦ ਚੌਂਕ ਤੋਂ ਮਿਲਕ ਬਾਰ ਚੌਂਕ ਅਤੇ ਗੀਤਾ ਮੰਦਿਰ ਟਰੈਫਿਕ ਸਿਗਨਲ ਤੋਂ ਸਿਟੀ ਹਸਪਤਾਲ ਚੌਂਕ ਵੱਲ ਆਉਣ ਵਾਲਾ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ।

ਏ. ਡੀ. ਸੀ. ਪੀ. ਪਰਮਿੰਦਰ ਸਿੰਘ ਨੇ ਕਿਹਾ ਕਿ 29 ਅਗਸਤ ਦੁਪਹਿਰ 12 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬੰਦ ਕੀਤੇ ਗਏ ਰਸਤਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਕਿ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਟਰੈਫਿਕ ਪੁਲਸ ਨੇ ਆਮ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ। ਲੋਕ ਕਿਸੇ ਵੀ ਸਮੱਸਿਆ ਬਾਰੇ ਇਸ ਨੰਬਰ ’ਤੇ ਕਾਲ ਕਰ ਸਕਦੇ ਹਨ।

Add a Comment

Your email address will not be published. Required fields are marked *