ਪਟਿਆਲਾ ’ਚ ਲੁਟੇਰਿਆਂ ਨੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਪਟਿਆਲਾ : ਪਟਿਆਲਾ ’ਚ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਗੱਡੀ ਲੁੱਟਣ ਆਏ 3 ਲੁਟੇਰਿਆਂ ਨੇ ਗੱਡੀ ਦੇ ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ (30) ਦੇ ਰੂਪ ਵਿਚ ਹੋਈ ਹੈ। ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਨਾ ਸਿਰਫ ਗੱਡੀ ਲੁੱਟੀ ਸਗੋਂ ਗੱਡੀ ਦੇ ਮਾਲਿਕ ਸਮੀਰ ਕਟਾਰੀਆ ਦਾ ਕਤਲ ਵੀ ਕਰ ਦਿੱਤਾ। ਮ੍ਰਿਤਕ ਸਮੀਰ ਕਟਾਰੀਆ ਪਟਿਆਲਾ ਦੇ ਸਰਹੰਦੀ ਬਾਜ਼ਾਰ ਦਾ ਰਹਿਣ ਵਾਲਾ ਸੀ ਜਿਸ ਦੀ ਇਕ ਦੋ ਸਾਲ ਦੀ ਬੇਟੀ ਹੈ ਅਤੇ ਉਸਦੀ ਪਤਨੀ ਗਰਭਵਤੀ ਹੈ। ਸਮੀਰ ਗੱਡੀ ਵਿਚ ਬੈਠ ਕੇ ਆਪਣੇ ਸਾਥੀ ਨਾਲ ਘਰ ਜਾ ਰਿਹਾ ਸੀ, ਜਿੱਥੇ ਉਸ ਦਾ ਕਤਲ ਹੋ ਗਿਆ। ਫਿਲਹਾਲ ਪੁਲਸ ਦੀ ਵੱਖ ਵੱਖ ਟੀਮਾਂ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਸਮੀਰ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
ਵਾਰਦਾਤ ਵਾਲੀ ਜਗ੍ਹਾ ’ਤੇ ਹਮਲਾਵਰਾਂ ਨੇ ਇਕ 32 ਬੋਰ ਦੀ ਪਿਸਟਲ ਨਾਲ ਹਵਾਈ ਫਾਇਰ ਕੀਤਾ ਅਤੇ ਗੱਡੀ ਨੂੰ ਲੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਕੋਸ਼ਿਸ਼ ਨਾਕਾਮ ਰਹੀ ਕਿਉਂਕਿ ਗੱਡੀ ਲੁੱਟਣ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੀ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਹਮਲਾਵਰ ਗੱਡੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੂੰ ਗੱਡੀ ਵਿਚੋਂ ਹਮਲਾਵਰਾਂ ਵਲੋਂ ਪਿਸਟਲ ਦਾ ਮੈਗਜ਼ੀਨ ਅਤੇ ਇਕ ਰੋਂਦ ਬਰਾਮਦ ਹੋਇਆ ਹੈ।