8 ਫ਼ੀਸਦੀ ਦੀ ਰਫ਼ਤਾਰ ਨਾਲ ਭਾਰਤੀ ਅਰਥਵਿਵਸਥਾ 2047 ਤੱਕ ਕਰ ਸਕਦੀ ਤਰੱਕੀ

ਨਵੀਂ ਦਿੱਲੀ – ਭਾਰਤ ਦੀ ਅਰਥਵਿਵਸਥਾ ‘ਤੇ ਭਰੋਸਾ ਕਾਫੀ ਮਜ਼ਬੂਤ ਹੈ। ਅਜਿਹਾ ਸੰਕੇਤ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ‘ਚ ਭਾਰਤ ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਮੂਰਤੀ ਵੈਂਕਟ ਸੁਬਰਾਮਣੀਅਮ ਨੇ ਦਿੱਤਾ। ਸੁਬਰਾਮਣੀਅਮ ਨੇ ਕਿਹਾ ਕਿ ਜੇ ਦੇਸ਼ ਪਿਛਲੇ 10 ਸਾਲਾਂ ‘ਚ ਲਾਗੂ ਕੀਤੀਆਂ ਨਵੀਆਂ ਨੀਤੀਆਂ ਨੂੰ ਦੁੱਗਣਾ ਕਰ ਸਕੇ ਅਤੇ ਸੁਧਾਰਾਂ ‘ਚ ਤੇਜ਼ੀ ਲਿਆ ਸਕੇ ਤਾਂ ਭਾਰਤੀ ਅਰਥਵਿਵਸਥਾ 2047 ਤੱਕ 8 ਫ਼ੀਸਦੀ ਦੀ ਦਰ ਨਾਲ ਵਧ ਸਕਦੀ ਹੈ।

ਸੁਬਰਾਮਣੀਅਮ ਨੇ ਅੱਗੇ ਕਿਹਾ ਕਿ ਸਪੱਸ਼ਟ ਤੌਰ ‘ਤੇ 8 ਫ਼ੀਸਦੀ ਦੀ ਵਾਧਾ ਦਰ ਮਹੱਤਵਪੂਰਨ ਹੈ, ਕਿਉਂਕਿ ਭਾਰਤ ਪਹਿਲਾਂ ਲਗਾਤਾਰ 8 ਫ਼ੀਸਦੀ ਦੀ ਦਰ ਨਾਲ ਨਹੀਂ ਵਧ ਸਕਿਆ ਪਰ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਕ ਪ੍ਰੋਗਰਾਮ ‘ਚ ਕਿਹਾ ਕਿ ਭਾਰਤ ਦੀ ਅਰਥਵਿਵਸਥਾ 2023 ਦੇ ਆਖਰੀ 3 ਮਹੀਨਿਆਂ ‘ਚ ਆਸ ਤੋਂ ਬਿਹਤਰ 8.4 ਫ਼ੀਸਦੀ ਦੀ ਦਰ ਨਾਲ ਵਧੀ, ਜੋ ਪਿਛਲੇ ਡੇਢ ਸਾਲ ‘ਚ ਸਭ ਤੋਂ ਤੇਜ਼ ਰਫ਼ਤਾਰ ਹੈ। 

ਇਸ ਦੇ ਨਾਲ ਹੀ ਅਕਤੂਬਰ-ਦਸੰਬਰ ‘ਚ ਵਿਕਾਸ ਦਰ ਨੇ ਚਾਲੂ ਵਿੱਤੀ ਸਾਲ ਦੇ ਅੰਦਾਜ਼ੇ ਨੂੰ 7.6 ਫ਼ੀਸਦੀ ਤੱਕ ਲਿਜਾਣ ‘ਚ ਮਦਦ ਕੀਤੀ। ਸੁਬਰਾਮਣੀਅਮ ਨੇ ਕਿਹਾ ਕਿ ਜੇਕਰ ਭਾਰਤ 8 ਫ਼ੀਸਦੀ ਦੀ ਦਰ ਨਾਲ ਵਧਦਾ ਹੈ ਤਾਂ ਸਾਲ 2047 ਤੱਕ ਭਾਰਤ 55 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਤਿਹਾਸਕ ਤੌਰ ‘ਤੇ 1991 ਤੋਂ ਬਾਅਦ ਤੋਂ ਭਾਰਤ ਦਾ ਔਸਤ ਵਾਧਾ 7 ਫ਼ੀਸਦੀ ਤੋਂ ਥੋੜ੍ਹਾ ਵੱਧ ਰਿਹਾ ਹੈ।

ਸੁਬਰਾਮਣੀਅਮ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਆਪਣੀ ਘਰੇਲੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਦੇਸ਼ ਦੀ ਜੀ. ਡੀ. ਪੀ. ਦਾ ਲਗਭਗ 58 ਫ਼ੀਸਦੀ ਘਰੇਲੂ ਖਪਤ ਤੋਂ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਤੁਸੀਂ ਜਾਣਦੇ ਹੋ, ਸਾਡੇ ਕੋਲ ਸਮਰੱਥਾ ਹੈ, ਜੇਕਰ ਅਸੀਂ ਲੋੜੀਂਦੀਆਂ ਨੌਕਰੀਆਂ ਪੈਦਾ ਕਰ ਸਕੀਏ, ਤਾਂ ਤੁਸੀਂ ਜਾਣਦੇ ਹੋ, ਇਸ ਨਾਲ ਬਹੁਤ ਜ਼ਿਆਦਾ ਖਪਤ ਹੋਵੇਗੀ। ਭਾਰਤ ਦੇ ਆਈ. ਐੱਮ. ਐੱਫ. ਦੇ ਕਾਰਜਕਾਰੀ ਨਿਰਦੇਸ਼ਕ ਨੇ ਰੋਜ਼ਗਾਰ ਸਿਰਜਨ ਲਈ ਵਿਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜ਼ਮੀਨ, ਕਿਰਤ, ਪੂੰਜੀ ਅਤੇ ਲਾਜਿਸਟਿਕਸ ਖੇਤਰ ‘ਚ ਸੁਧਾਰ ਦੀ ਲੋੜ ਹੈ। ਸੁਬਰਾਮਣੀਅਮ ਨੇ ਕਿਹਾ ਕਿ ਵਿਨਿਰਮਾਣ ‘ਚ ਸੁਧਾਰ ਦੀ ਲੋੜ ਹੈ ਪਰ ਨਾਲ ਹੀ ਸਾਨੂੰ ਵਿਨਿਰਮਾਣ ਖੇਤਰ ਲਈ ਕਰਜ਼ਾ ਪ੍ਰਧਾਨ ਕਰਨ ਲਈ ਆਪਣੇ ਬੈਂਕਿੰਗ ਖੇਤਰ ‘ਚ ਵੀ ਸੁਧਾਰ ਦੀ ਲੋੜ ਹੈ।

Add a Comment

Your email address will not be published. Required fields are marked *