ਮਰੀ ਹੋਈ ਪਤਨੀ ਨੂੰ ਦਿਵਾਇਆ ਹੱਕ, ਪਤੀ ਨੇ ਜਿੱਤਿਆ 12.52 ਲੱਖ ਦਾ 14 ਸਾਲ ਪੁਰਾਣਾ ਕੇਸ

ਨਵੀਂ ਦਿੱਲੀ – ਨੈਸ਼ਨਲ ਕੰਜਿਊਮਰ ਡਿਸਪਿਊਟ ਰਿਡ੍ਰੈਸਲ ਕਮਿਸ਼ਨ (ਐੱਨ.ਸੀ. ਡੀ. ਆਰ. ਸੀ.) ਨੇ 27 ਜਨਵਰੀ 2023 ਦੇ ਇਕ ਆਦੇਸ਼ ਵਿਚ 14 ਸਾਲਾਂ ਤੋਂ ਚੱਲ ਰਹੇ ਟਰੈਵਲ ਇੰਸ਼ੋਰੈਂਸ ਕੇਸ ਦੇ ਦਾਅਵੇ ਦਾ ਫੈਸਲਾ ਦੇ ਦਿੱਤਾ ਹੈ। ਇਸ ’ਚ ਕੰਪਨੀ ਨੂੰ ਕਲੇਮ ਦੀ ਰਾਸ਼ੀ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਐੱਨ. ਸੀ. ਡੀ. ਆਰ. ਸੀ. ਨੇ ਕਿਹਾ ਕਿ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਅਰੁਣਾ ਵੈਸ਼ਯ ਦੇ ਪਤੀ ਨੂੰ 20,000 ਡਾਲਰ (16 ਲੱਖ 63 ਹਜ਼ਾਰ ਰੁਪਏ) ਅਤੇ ਨਾਲ ਵਿਆਜ ਦੀ ਭਰਪਾਈ ਕਰੇਗੀ। ਹਾਲਾਂਕਿ ਕੇਸ 15,000 ਡਾਲਰ ਯਾਨੀ 12.52 ਲੱਖ ਦੇ ਕਲੇਮ ਨਾਲ ਜੁੜਿਆ ਸੀ। ਦੱਸ ਦਈਏ ਕਿ ਕੰਪਨੀ ਅਤੇ ਪਾਲਿਸੀ ਹੋਲਡਰ ਦਰਮਿਆਨ ਇਸ ਕੇਸ ਦੀ ਲੜਾਈ 28 ਜੁਲਾਈ 2009 ਤੋਂ ਸ਼ੁਰੂ ਹੋਈ ਜਦੋਂ ਇੰਸ਼ੋਰੈਂਸ ਕੰਪਨੀ ਵਲੋਂ ਵਿਦੇਸ਼ੀ ਯਾਤਰਾ ਬੀਮਾ ਦਾ ਦਾਅਵਾ ਖਾਰਜ ਕਰ ਦਿੱਤਾ ਗਿਆ ਸੀ।

ਬੀਮਾ ਦਾ ਕਲੇਮ ਰੱਦ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਅਰੁਣਾ ਵੈਸ਼ਯ ਨੇ ਬੀਮਾ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਬੀਮਾ ਲੋਕਪਾਲ ਨੇ 12 ਅਕਤੂਬਰ, 2011 ਨੂੰ ਇਕ ਚਿੱਠੀ ਦੇ ਮਾਧਿਅਮ ਰਾਹੀਂ ਕਿਹਾ ਕਿ ਉਨ੍ਹਾਂ ਦਾ ਦਾਅਵਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਉਸ ਤੋਂ ਬਾਅਦ ਉਹ ਰਾਜ ਖਪਤਕਾਰ ਫੋਰਮ ਅਤੇ ਫਿਰ ਐੱਨ. ਸੀ. ਡੀ. ਆਰ. ਸੀ. ਵਿਚ ਆਪਣਾ ਮਾਮਲਾ ਲੜਨ ਗਈ। ਉਸ ਦੀ ਕੇਸ ਲੜਨ ਦੌਰਾਨ ਮੌਤ ਹੋ ਗਈ, ਇਸ ਲਈ ਉਸ ਦੇ ਪਤੀ ਦੀਪਕ ਚੰਦਰ ਵੈਸ਼ਯ ਉਸ ਵਲੋਂ ਬੀਮਾ ਕੰਪਨੀ ਖਿਲਾਫ ਲੜਾਈ ਲੜ ਰਹੇ ਸਨ। ਅਰੁਣਾ ਵੈਸ਼ਯ ਨੇ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਤੋਂ ਇਕ ਵਿਦੇਸ਼ੀ ਯਾਤਰਾ ਬੀਮਾ ਪਾਲਿਸੀ ਲਈ ਜੋ 19 ਜੂਨ 2009 ਤੋਂ 16 ਅਕਤੂਬਰ 2009 ਤੱਕ ਵੈਲਿਡ ਸੀ। ਇਸ ਪਾਲਿਸੀ ਨੂੰ ਖਰੀਦਣ ਲਈ ਅਰੁਣਾ ਵੈਸ਼ਯ ਨੇ ਪ੍ਰੀਮੀਅਮ ਵਜੋਂ 16,001 ਰੁਪਏ ਦਾ ਭੁਗਤਾਨ ਕੀਤਾ ਸੀ।

29 ਜੂਨ 2009 ਨੂੰ ਅਰੁਣਾ ਵੈਸ਼ਯ ਨੂੰ ਕਮਜ਼ੋਰੀ ਅਤੇ ਘੱਟ ਬਲੱਡ ਪ੍ਰੈਸ਼ਰ ਦੇ ਹੱਲ ਲਈ ਅਮਰੀਕਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਯੂਰੀਨਰੀ ਟ੍ਰੈਕਟ ਇਨਫੈਕਸ਼ਨ (ਯੂ. ਟੀ. ਆਈ.) ਅਤੇ ਸੈਪਸਿਸ ਹੈ। ਇਲਾਜ ਹੋਣ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਬੀਮਾ ਲਈ ਕਲੇਮ ਕੀਤਾ। ਕੰਪਨੀ ਨੇ ਉਨ੍ਹਾਂ ਕੋਲੋਂ ਕਲੇਮ ਦੇ ਦਸਤਾਵੇਜ਼ ਮੰਗੇ। ਦਸਤਾਵੇਜ਼ ਜਮ੍ਹਾ ਕਰਨ ਤੋਂ ਬਾਅਦ 28 ਜੁਲਾਈ 2009 ਨੂੰ ਦਾਅਵਾ ਖਾਰਜ ਕਰ ਦਿੱਤਾ ਗਿਆ।

ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਵਲੋਂ ਸ਼ਿਕਾਇਤਕਰਤਾ ਨੂੰ ਬੀਮਾ ਰੱਦ ਕਰਨ ਦਾ ਕਾਰਨ ਇਹ ਦੱਸਿਆ ਗਿਆ ਕਿ ਕਥਿਤ ਤੌਰ ’ਤੇ ਆਪਣੀਆਂ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਜੋ ਬੀਮਾ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਹੈ। ਇਸ ਕਾਰਨ ਉਹ ਜਵਾਬ ’ਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ ਵਿਦੇਸ਼ੀ ਯਾਤਰਾ ਬੀਮਾ ਪਾਲਿਸੀ ਦੀ ਖਰੀਦ ਦੌਰਾਨ ਕਿਸੇ ਵੀ ਮੈਡੀਕਲ ਸਥਿਤੀ ਦਾ ਖੁਲਾਸਾ ਕਰਨ ਲਈ ਕੋਈ ਫਾਰਮ ਭਰਨ ਲਈ ਨਹੀਂ ਕਿਹਾ ਗਿਆ ਸੀ।

Add a Comment

Your email address will not be published. Required fields are marked *