ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਵਜੋਂ ਦਿੱਤੀ ਮਾਨਤਾ

ਬੀਜਿੰਗ – ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕਾ ਵਲੋਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਵਜੋਂ ਮਾਨਤਾ ਦੇਣ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਅਮਰੀਕਾ ਦਾ ਭਾਰਤ-ਚੀਨ ਸਰਹੱਦੀ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੀਨ ਨੇ ਇਹ ਵੀ ਦੋਸ਼ ਲਾਇਆ ਕਿ ਅਮਰੀਕਾ ਸੁਆਰਥੀ ਭੂ-ਰਾਜਨੀਤਿਕ ਹਿੱਤਾਂ ਲਈ ‘ਦੂਜੇ ਦੇਸ਼ਾਂ ਦੇ ਵਿਵਾਦਾਂ ਨੂੰ ਭੜਕਾਉਣ ਅਤੇ ਉਨ੍ਹਾਂ ਦੀ ਵਰਤੋਂ’ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀ ਸਖ਼ਤ ਪ੍ਰਤੀਕਿਰਿਆ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਦੀ ਉਸ ਟਿੱਪਣੀ ਦੇ ਬਾਆਦ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦਿੰਦਾ ਹੈ।

ਪਟੇਲ ਨੇ ਇਹ ਵੀ ਕਿਹਾ, ”ਅਸੀਂ (ਅਮਰੀਕਾ) ਅਸਲ ਕੰਟਰੋਲ ਰੇਖਾ ‘ਤੇ ਫੌਜੀ ਜਾਂ ਨਾਗਰਿਕ ਘੁਸਪੈਠ ਜਾਂ ਘੇਰਾਬੰਦੀ ਦੇ ਜ਼ਰੀਏ ਖੇਤਰ ‘ਤੇ ਕਿਸੇ ਵੀ ਇਕਪਾਸੜ ਦਾਅਵੇ ਦੀ ਕੋਸ਼ਿਸ਼ ਦਾ ਸਖਤੀ ਨਾਲ ਵਿਰੋਧ ਕਰਦੇ ਹਾਂ।” ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲਿਨ ਜਿਆਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੇਸ਼ ਦੇ ਅਧਿਕਾਰਤ ਮੀਡੀਆ ਵੱਲੋਂ ਪੁੱਛੇ  ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ,’ਚੀਨ ਇਸ ਦੀ ਸਖਤ ਨਿੰਦਾ ਕਰਦਾ ਹੈ ਅਤੇ ਸਖਤ ਵਿਰੋਧ ਕਰਦਾ ਹੈ।” ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਵਿਚਾਲੇ ਸਰਹੱਦ ਦੀ ਹੱਦਬੰਦੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ।

ਲਿਆਨ ਨੇ ਕਿਹਾ, “ਜੰਗਨਾਨ” ਹਮੇਸ਼ਾ ਚੀਨ ਦਾ ਹਿੱਸਾ ਰਿਹਾ ਹੈ। ਇਹ ਇੱਕ ਨਿਰਵਿਵਾਦ ਮੂਲ ਤੱਥ ਹੈ।” ਚੀਨ ਅਰੁਣਾਚਲ ਪ੍ਰਦੇਸ਼ ਨੂੰ ਜੰਗਨਾਨ ਕਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ-ਭਾਰਤ ਸਰਹੱਦ ਦਾ ਸਵਾਲ ਚੀਨ ਅਤੇ ਭਾਰਤ ਵਿਚਾਲੇ ਹੈ ਅਤੇ ਇਸ ਦਾ ਅਮਰੀਕਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੁਲਾਰੇ ਨੇ ਕਿਹਾ, “ਅਮਰੀਕਾ ਆਪਣੇ ਸੁਆਰਥੀ ਭੂ-ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਹਰ ਸੰਭਵ ਤਰੀਕੇ ਨਾਲ ਦੂਜੇ ਦੇਸ਼ਾਂ ਦੇ ਵਿਵਾਦਾਂ ਨੂੰ ਭੜਕਾ ਰਿਹਾ ਹੈ ਅਤੇ ਉਹਨਾਂ ਦੀ ਵਰਤੋਂ ਕਰ ਰਿਹਾ ਹੈ।”

ਅਮਰੀਕੀ ਅਧਿਕਾਰੀ ਨੇ ਉਪਰੋਕਤ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਤੋਂ ਬਾਅਦ ਚੀਨੀ ਫੌਜ ਵੱਲੋਂ ਸੂਬੇ ‘ਤੇ ਆਪਣੇ ਦੇਸ਼ ਦਾ ਦਾਅਵਾ ਦੁਹਰਾਏ ਜਾਣ ਤੋਂ ਕੁਝ ਦਿਨ ਬਾਅਦ ਕੀਤੀ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਜ਼ਿਆਓਗਾਂਗ ਨੇ 15 ਮਾਰਚ ਨੂੰ ਕਿਹਾ ਸੀ ਕਿ ਜਿਜ਼ਾਂਗ (ਤਿੱਬਤ ਲਈ ਚੀਨੀ ਨਾਮ) ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਚੀਨ ਅਰੁਣਾਚਲ ਪ੍ਰਦੇਸ਼ ‘ਤੇ ਭਾਰਤ ਦੇ ਗੈਰ-ਕਾਨੂੰਨੀ ਕੰਟਰੋਲ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ ਅਤੇ ਇਸ ਦਾ ਜ਼ੋਰਦਾਰ ਵਿਰੋਧ ਕਰਦਾ ਹੈ। ਭਾਰਤ ਨੇ ਅਰੁਣਾਚਲ ਪ੍ਰਦੇਸ਼ ‘ਤੇ ਚੀਨ ਦੇ ਦਾਅਵਿਆਂ ਨੂੰ ਵਾਰ-ਵਾਰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸੂਬਾ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਭਾਰਤ ਨੇ ਖੇਤਰ ਨੂੰ ‘ਮਨਮਰਜੀ’ ਵਾਲਾ ਨਾਂ ਦੇਣ ਦੇ ਚੀਨ ਦੇ ਇਸ ਕਦਮ ਨੂੰ ਵੀ ਰੱਦ ਕਰਦਿਆਂ ਕਿਹਾ ਹੈ ਕਿ ਇਸ ਨਾਲ ਅਸਲੀਅਤ ਨਹੀਂ ਬਦਲੇਗੀ।

Add a Comment

Your email address will not be published. Required fields are marked *