ਥਾਈਲੈਂਡ ‘ਚ ਚਾਈਲਡ ਕੇਅਰ ਸੈਂਟਰ ‘ਚ ਅੰਨ੍ਹੇਵਾਹ ਗੋਲੀਬਾਰੀ

ਬੈਂਕਾਕ – ਉੱਤਰੀ ਥਾਈਲੈਂਡ ਵਿੱਚ ਬੱਚਿਆਂ ਦੇ ਡੇਅ ਕੇਅਰ ਸੈਂਟਰ ਵਿੱਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ।ਇਸ ਗੋਲੀਬਾਰੀ ਵਿੱਚ ਘੱਟ ਤੋਂ ਘੱਟ 35 ਲੋਕ ਮਾਰੇ ਗਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ।ਇੱਕ ਖੇਤਰੀ ਜਨਤਕ ਮਾਮਲਿਆਂ ਦੇ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ 35 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਹਨਾਂ ਵਿਚ- 24 ਬੱਚੇ ਅਤੇ 11 ਬਾਲਗ ਮਾਰੇ ਗਏ। ਪੁਲਸ ਨੇ ਦੱਸਿਆ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ਗੋਲੀਬਾਰੀ ਕਰਦਾ ਹੋਇਆ ਕਾਰ ਵਿਚ ਆਪਣੇ ਘਰ ਗਿਆ ਅਤੇ ਪਤਨੀ ਅਤੇ ਬੱਚੇ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ।

ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੀ ਸ਼ੁਰੂਆਤੀ ਸੂਚਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 12.30 ਵਜੇ ਮਿਲੀ ਜਦੋਂ ਹਮਲਾਵਰ ਸਾਬਕਾ ਪੁਲਸ ਅਧਿਕਾਰੀ ਨੋਂਗ ਬੁਆ ਲੈਂਫੂ ਸ਼ਹਿਰ ਦੇ ‘ਚਾਈਲਡ ਕੇਅਰ ਸੈਂਟਰ’ ‘ਚ ਦਾਖਲ ਹੋਇਆ। ਪੁਲਸ ਨੇ ਦੱਸਿਆ ਕਿ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ 19 ਮੁੰਡਿਆਂ, ਤਿੰਨ ਕੁੜੀਆਂ ਅਤੇ ਦੋ ਬਾਲਗਾਂ ਦਾ ਕਤਲ ਕਰ ਦਿੱਤਾ। ਘਟਨਾ ਦੇ ਆਨਲਾਈਨ ਫੋਰਮਾਂ ‘ਤੇ ਤਸਵੀਰਾਂ ਵਿੱਚ ਪ੍ਰੀ-ਸਕੂਲ ਦੇ ਕਮਰੇ ‘ਤੇ ਖੂਨ ਨਾਲ ਭਰੇ ਗੱਦੇ ਦਿਖਾਈ ਦਿੱਤੇ। ਵੀਡੀਓ ‘ਚ ਬੱਚਿਆਂ ਦੇ ਪਰਿਵਾਰਕ ਮੈਂਬਰ ਪ੍ਰੀ-ਸਕੂਲ ਦੀ ਇਮਾਰਤ ਦੇ ਬਾਹਰ ਸੋਗ ਕਰਦੇ ਦਿਖਾਈ ਦੇ ਰਹੇ ਹਨ। 

ਐਂਬੂਲੈਂਸਾਂ ਖੜ੍ਹੀਆਂ ਹਨ ਅਤੇ ਸਕੂਲ ਦੇ ਮੈਦਾਨ ‘ਤੇ ਪੁਲਸ ਅਤੇ ਮੈਡੀਕਲ ਕਰਮਚਾਰੀ ਦਿਖਾਈ ਦੇ ਰਹੇ ਹਨ।ਪੁਲਸ ਮੇਜਰ ਜਨਰਲ ਪੇਸੇਲ ਲੁਈਸੋਂਬੂਨ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਸ਼ੱਕੀ ਨੇ ਮੌਕੇ ਤੋਂ ਭੱਜਦੇ ਹੋਏ ਕਾਰ ਤੋਂ ਗੋਲੀਬਾਰੀ ਜਾਰੀ ਰੱਖੀ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ।

ਨੋਂਗ ਬੁਆ ਲੈਂਫੂ ਦੀ ਨਰਸਰੀ ਵਿੱਚ ਮਾਰੇ ਗਏ ਲੋਕਾਂ ਵਿੱਚ ਬੱਚੇ ਅਤੇ ਬਾਲਗ ਵੀ ਹਨ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਜਾਨ ਲੈ ਲਈ। ਸ਼ੱਕੀ 34 ਸਾਲ ਦਾ ਸਾਬਕਾ ਪੁਲਸ ਲੈਫਟੀਨੈਂਟ ਹੈ। ਗੌਰਤਲਬ ਹੈ ਕਿ ਥਾਈਲੈਂਡ ਵਿੱਚ ਗੋਲੀਬਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅਮਰੀਕਾ ਅਤੇ ਬ੍ਰਾਜ਼ੀਲ ਦੇ ਮੁਕਾਬਲੇ ਘੱਟ ਹੈ, ਪਰ ਜਾਪਾਨ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਨਾਲੋਂ ਵੱਧ ਹੈ, ਜਿੱਥੇ ਬੰਦੂਕ ਕੰਟਰੋਲ ਦੇ ਸਖ਼ਤ ਕਾਨੂੰਨ ਹਨ।

Add a Comment

Your email address will not be published. Required fields are marked *