ਸੱਪਾਂ ਤੇ ਜ਼ਹਿਰ ਦੀ ਤਸਕਰੀ ‘ਚ ਐਲਵਿਸ਼ ਯਾਦਵ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਨਵੀਂ ਦਿੱਲੀ – ਯੂਟਿਊਬਰ ਐਲਵਿਸ਼ ਯਾਦਵ ਨੂੰ ਰੇਵ ਪਾਰਟੀਆਂ ‘ਚ ਸੱਪ ਅਤੇ ਜ਼ਹਿਰ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਐਲਵਿਸ਼ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਹੁਣ ਨੋਇਡਾ ਪੁਲਸ ਨੇ ਇਸ ਮਾਮਲੇ ‘ਚ 2 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਨੋਇਡਾ ਪੁਲਸ ਨੇ ਬੁੱਧਵਾਰ ਨੂੰ ਸੱਪ ਅਤੇ ਇਸ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ ‘ਚ ਦੋ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਸ਼ਵਰ ਅਤੇ ਵਿਨੈ ਨਾਮ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ, ਇਨ੍ਹਾਂ ਦੇ ਐਲਵਿਸ਼ ਯਾਦਵ ਅਤੇ ਪਹਿਲਾਂ ਗ੍ਰਿਫ਼ਤਾਰ ਕੀਤੇ 5 ਮੁਲਜ਼ਮਾਂ ਨਾਲ ਸਬੰਧ ਹਨ। ਐਲਵਿਸ਼ ਯਾਦਵ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ।

ਨੋਇਡਾ ਪੁਲਸ ਕਈ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਇਸ ਮਾਮਲੇ ‘ਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਤੇ ਦਿੱਲੀ ਐੱਨ. ਸੀ. ਆਰ. ਅਤੇ ਹਰਿਆਣਾ ਦੇ ਕਈ ਫਾਰਮ ਹਾਊਸਾਂ ‘ਤੇ ਆਯੋਜਿਤ ਰੇਵ ਪਾਰਟੀਆਂ ‘ਚ ਸੱਪ ਅਤੇ ਇਸ ਦੇ ਜ਼ਹਿਰ ਦੀ ਤਸਕਰੀ ਕਰਨ ਦਾ ਦੋਸ਼ ਹੈ।

ਨੋਇਡਾ ਪੁਲਸ ਨੇ ਐਤਵਾਰ ਨੂੰ ਇਸ ਮਾਮਲੇ ‘ਚ ਐਲਵਿਸ਼ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪੁੱਛਗਿੱਛ ਦੌਰਾਨ ਐਲਵਿਸ਼ ਕਈ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ ਅਤੇ ਪੁਲਸ ਨੂੰ ਉਸ ਖ਼ਿਲਾਫ਼ ਕਈ ਸਬੂਤ ਵੀ ਮਿਲੇ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੂਰਜਪੁਰ ਦੀ ਅਦਾਲਤ ਨੇ ਐਲਵਿਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਪਿਛਲੇ ਸਾਲ 3 ਨਵੰਬਰ ਨੂੰ ਪੁਲਸ ਨੇ ਨੋਇਡਾ ਸੈਕਟਰ 51 ‘ਚ ਇੱਕ ਬੈਂਕੁਏਟ ਹਾਲ ‘ਚ ਛਾਪਾ ਮਾਰ ਕੇ 5 ਕੋਬਰਾ ਸਮੇਤ 9 ਸੱਪਾਂ ਨੂੰ ਬਚਾਇਆ ਸੀ। ਇਸ ਹਾਲ ‘ਚ ਚੱਲ ਰਹੀ ਪਾਰਟੀ ਨੂੰ ਐਲਵਿਸ਼ ਯਾਦਵ ਨੇ ਸੱਪ ਦਾ ਜ਼ਹਿਰ ਸਪਲਾਈ ਕੀਤਾ ਸੀ। ਫੋਰੈਂਸਿਕ ਟੀਮ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਐਲਵਿਸ਼ ਅਤੇ 6 ਹੋਰਾਂ ਖ਼ਿਲਾਫ਼ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਅਤੇ ਆਈ. ਪੀ. ਸੀ. ਦੀ ਧਾਰਾ 129 (ਏ) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਵੀ ਐਲਵਿਸ਼ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। 3 ਨਵੰਬਰ ਨੂੰ ਬਰਾਮਦ ਕੀਤੇ ਗਏ ਸੱਪਾਂ ‘ਚ ਜ਼ਹਿਰ ਦੀਆਂ ਗ੍ਰੰਥੀਆਂ ਨਹੀਂ ਸਨ, ਜਿਸ ‘ਚ ਜ਼ਹਿਰ ਹੁੰਦਾ ਹੈ। ਪੁਲੀਸ ਨੂੰ ਮੁਲਜ਼ਮ ਕੋਲੋਂ 20 ਮਿਲੀਲੀਟਰ ਸੱਪ ਦਾ ਜ਼ਹਿਰ ਵੀ ਮਿਲਿਆ ਹੈ। ਪੀਪਲ ਫਾਰ ਐਨੀਮਲਜ਼ (ਪੀਐਫਏ) ਨੇ ਸੱਪ ਦੇ ਜ਼ਹਿਰ ਨੂੰ ਸ਼ਾਮਲ ਕਰਨ ਵਾਲੀ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਸੀ।

ਆਉਣ ਵਾਲੇ ਦਿਨਾਂ ‘ਚ ਐਲਵੀਸ਼ ਯਾਦਵ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਨੋਇਡਾ ਤੋਂ ਬਾਅਦ ਗੁਰੂਗ੍ਰਾਮ ਪੁਲਸ ਵੀ ਕੁੱਟਮਾਰ ਦੇ ਮਾਮਲੇ ‘ਚ ਕੰਟੈਂਟ ਕ੍ਰਿਏਟਰ ਮੈਕਸਟਰਨ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਗੁਰੂਗ੍ਰਾਮ ਪੁਲਸ ਪ੍ਰੋਡਕਸ਼ਨ ਵਾਰੰਟ ਦੇ ਜ਼ਰੀਏ ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ। 8 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਐਲਵਿਸ਼ ਯਾਦਵ ਨੂੰ ਯੂਟਿਊਬਰ ਸਾਗਰ ਠਾਕੁਰ ਉਰਫ ਮੈਕਸਟਰਨ ਨਾਲ ਕੁੱਟਮਾਰ ਕਰਦੇ ਦੇਖਿਆ ਗਿਆ।

Add a Comment

Your email address will not be published. Required fields are marked *