ਕਰੂਜ਼ ਡਰੱਗਜ਼ ਮਾਮਲਾ, ਸੀ. ਬੀ. ਆਈ. ਨੇ ਵਾਨਖੇੜੇ ਤੋਂ ਕੀਤੀ 5 ਘੰਟੇ ਪੁੱਛਗਿੱਛ

ਮੁੰਬਈ – ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਕੋਰਡੇਲੀਆ ਕਰੂਜ਼ ਤੋਂ ਡਰੱਗਜ਼ ਦੀ ਜ਼ਬਤੀ ਤੇ ਰਿਸ਼ਵਤ ਮੰਗਣ ਦੇ ਮਾਮਲੇ ’ਚ ਮੁੰਬਈ ’ਚ ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਤੋਂ ਸ਼ਨੀਵਾਰ ਨੂੰ 5 ਘੰਟੇ ਤੱਕ ਪੁੱਛਗਿਛ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਡਰੱਗਜ਼ ਮਾਮਲੇ ’ਚ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦਾ ਨਾਂ ਸ਼ਾਮਲ ਨਾ ਕਰਨ ਦੀ ਇਵਜ ’ਚ ਉਨ੍ਹਾਂ ਤੋਂ ਕਥਿਤ ਤੌਰ ’ਤੇ 25 ਕਰੋਡ਼ ਰੁਪਏ ਦੀ ਰਿਸ਼ਵਤ ਮੰਗਣ ਨਾਲ ਜੁਡ਼ੇ ਮਾਮਲੇ ’ਚ ਵਾਨਖੇੜੇ ਪੁੱਛਗਿੱਛ ਲਈ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਏ।

ਸਮੀਰ ਵਾਨਖੇੜੇ ਸੀ. ਬੀ. ਆਈ. ਦੇ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਦਫ਼ਤਰ ’ਚ ਸਵੇਰੇ ਸਵਾ 10 ਵਜੇ ਦੇ ਕਰੀਬ ਪੁੱਜੇ। ਉਨ੍ਹਾਂ ਏਜੰਸੀ ਦੇ ਦਫ਼ਤਰ ’ਚ ਜਾਂਦੇ ਸਮੇਂ ਪੱਤਰਕਾਰਾਂ ਨੂੰ ਸਿਰਫ਼ ਇੰਨਾ ਕਿਹਾ, ‘‘ਸੱਤਿਆਮੇਵ ਜਯਤੇ।’’

ਦਫ਼ਤਰ ’ਤੋਂ ਨਿਕਲਦੇ ਸਮੇਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ। ਸੀ. ਬੀ. ਆਈ. ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚਣ ਤੇ ਰਿਸ਼ਵਤ ਨਾਲ ਜੁਡ਼ੇ ਅਪਰਾਧਾਂ ਤੋਂ ਇਲਾਵਾ ਜਬਰਨ ਵਸੂਲੀ ਦੇ ਦੋਸ਼ ਨਾਲ ਜੁਡ਼ੀ ਐੱਨ. ਸੀ. ਬੀ. ਦੀ ਸ਼ਿਕਾਇਤ ’ਤੇ ਵਾਨਖੇੜੇ ਤੇ 4 ਹੋਰਾਂ ਦੇ ਖ਼ਿਲਾਫ਼ 11 ਮਈ ਨੂੰ ਕੇਸ ਦਰਜ ਕੀਤਾ ਸੀ।

Add a Comment

Your email address will not be published. Required fields are marked *