ਬੈਂਕਾਂ ’ਚ 5 ਦਿਨ ਕੰਮ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਾਮਨ ਦਾ ਵੱਡਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ – ਹਫਤੇ ’ਚ 5 ਦਿਨ ਦਾ ਕੰਮ ਅਤੇ ਹਰ ਸ਼ਨੀਵਾਰ ਦੀ ਛੁੱਟੀ ਲਈ ਬੈਂਕ ਮੁਲਾਜ਼ਮਾਂ ਦੀ ਉਡੀਕ ਲੰਬੀ ਖਿੱਚ ਸਕਦੀ ਹੈ। ਕੁਝ ਹੀ ਦਿਨ ਪਹਿਲਾਂ ਬੈਂਕ ਐਸੋਸੀਏਸ਼ਨ ਅਤੇ ਬੈਂਕ ਮੁਲਾਜ਼ਮਾਂ ਦੀ ਯੂਨੀਅਨ ਦਰਮਿਆਨ ਵੱਖ-ਵੱਖ ਮੁੱਦਿਆਂ ’ਤੇ ਸਹਿਮਤੀ ਬਣਨ ਦੇ ਬਾਅਦ ਇਸ ਗੱਲ ਦੀ ਆਸ ਵਧ ਗਈ ਸੀ ਕਿ ਚੋਣਾਂ ਤੋਂ ਪਹਿਲਾਂ ਬੈਂਕ ਮੁਲਾਜ਼ਮ ਨੂੰ 5 ਡੇ ਵਰਕ ਵੀਕ ਦਾ ਤੋਹਫਾ ਮਿਲ ਸਕਦਾ ਹੈ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਲੱਖਾਂ ਬੈਂਕ ਮੁਲਾਜ਼ਮਾਂ ਦੇ ਹੱਥ ਨਿਰਾਸ਼ਾ ਆਉਣ ਵਾਲੀ ਹੈ।

ਬੈਂਕਾਂ ’ਚ 5 ਦਿਨ ਦੇ ਹਫਤੇ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਹਾਲ ਹੀ ’ਚ ਇਕ ਅਪਡੇਟ ਦਿੱਤੀ। ਵਿੱਤ ਮੰਤਰੀ ਸੀਤਾਰਾਮਨ ਕੋਲੋਂ ਬੈਂਕ ਮੁਲਾਜ਼ਮਾਂ ਦੇ ਵਰਕ-ਲਾਈਫ ਬੈਲੰਸ ਅਤੇ ਬੈਂਕਾਂ ’ਚ ਹਰ ਹਫਤੇ ਸਿਰਫ 5 ਦਿਨ ਕੰਮ ਬਾਰੇ ਚੱਲ ਰਹੀਆਂ ਗੱਲਾਂ ਬਾਰੇ ਪੁੱਛਿਆ ਗਿਆ ਤਾਂ ਉਸ ਦੇ ਜਵਾਬ ’ਚ ਵਿੱਤ ਮੰਤਰੀ ਨੇ ਦੋ-ਟੁੱਕ ਿਕਹਾ ਕਿ ਅਫਵਾਹਾਂ ’ਤੇ ਧਿਆਨ ਨਹੀਂ ਦੇਣਾ ਚਾਹੀਦਾ।

ਦੇਸ਼ ’ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਮੁਲਾਜ਼ਮਾਂ ਦੀਆਂ ਛੁੱਟੀਆਂ ’ਤੇ ਕੋਈ ਫੈਸਲਾ ਨਹੀਂ ਲੈ ਸਕੇਗੀ। ਭਾਵ ਸਾਫ ਹੈ ਕਿ ਬੈਂਕ ਮੁਲਾਜ਼ਮਾਂ ਨੂੰ 5 ਦਿਨਾਂ ਦਾ ਵਰਕ ਵੀਕ ਮਿਲਦਾ ਹੈ ਜਾਂ ਨਹੀਂ, ਇਹ ਹੁਣ ਚੋਣਾਂ ਤੋਂ ਬਾਅਦ ਬਣਨ ਵਾਲੀ ਨਵੀਂ ਸਰਕਾਰ ’ਚ ਤੈਅ ਹੋਵੇਗਾ। ਇਸ ਤੋਂ ਪਹਿਲਾਂ 8 ਮਾਰਚ ਨੂੰ ਬੈਂਕਾਂ ਦੇ ਸੰਗਠਨ ਇੰਡੀਅਨ ਬੈਂਕ ਐਸੋਸੀਏਸ਼ਨ ਭਾਵ ਆਈ. ਬੀ. ਏ. ਅਤੇ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮਾਂ ਦੇ ਯੂਨੀਅਨ ਦਰਮਿਆਨ ਸਮਝੌਤਾ ਹੋਇਆ ਸੀ। ਸਮਝੌਤੇ ’ਚ ਬੈਂਕ ਮੁਲਾਜ਼ਮਾਂ ਦੀ ਸੈਲਰੀ ’ਚ ਵਾਧੇ ’ਤੇ ਸਹਿਮਤੀ ਬਣ ਗਈ। ਉਸ ਤੋਂ ਬਾਅਦ ਹੁਣ ਵੱਖ-ਵੱਖ ਸਰਕਾਰੀ ਬੈਂਕਾਂ ’ਚ ਮੁਲਾਜ਼ਮਾਂ ਦੀ ਸੈਲਰੀ ’ਚ 17 ਫੀਸਦੀ ਦਾ ਵਾਧਾ ਹੋਣ ਵਾਲਾ ਹੈ। ਸੈਲਰੀ ਦੇ ਇਲਾਵਾ ਮਹਿੰਗਾਈ ਭੱਤਾ ਵਧਣ ਸਮੇਤ ਕੁਝ ਹੋਰ ਫਾਇਦਿਆਂ ’ਤੇ ਵੀ ਗੱਲ ਬਣ ਗਈ ਹੈ।

ਬੈਂਕ ਮੁਲਾਜ਼ਮ ਪਹਿਲੇ, ਤੀਜੇ ਅਤੇ ਪੰਜਵੇਂ ਸ਼ਨੀਵਾਰ ਨੂੰ ਵੀ ਉਸੇ ਤਰ੍ਹਾਂ ਛੁੱਟੀ ਦੀ ਮੰਗ ਕਰ ਰਹੇ ਹਨ ਜਿਵੇਂ ਹੁਣ ਉਨ੍ਹਾਂ ਨੂੰ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਮਿਲਦੀ ਹੈ। ਬੈਂਕ ਯੂਨੀਅਨ ਅਤੇ ਐਸੋਸੀਏਸ਼ਨ ਦੇ ਸਮਝੌਤਿਆਂ ਪਿੱਛੋਂ ਅਜਿਹੀਆਂ ਖਬਰਾਂ ਚੱਲ ਰਹੀਆਂ ਸਨ ਕਿ ਹੁਣ ਇਸ ਦੀ ਮਨਜ਼ੂਰੀ ’ਤੇ ਵਿੱਤ ਮੰਤਰੀ ਦੀ ਮਨਜ਼ੂਰੀ ਹੀ ਬਾਕੀ ਹੈ। ਵਿੱਤ ਮੰਤਰਾਲਾ ਤੋਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਸ ’ਤੇ ਮੋਹਰ ਦੀ ਆਸ ਕੀਤੀ ਜਾ ਰਹੀ ਸੀ। ਹਾਲਾਂਕਿ ਹੁਣ ਤੱਕ ਅਜਿਹਾ ਕੁਝ ਨਹੀਂ ਹੋਇਆ ਹੈ ਅਤੇ ਵਿੱਤ ਮੰਤਰੀ ਨੇ ਫਿਲਹਾਲ ਅਜਿਹਾ ਨਾ ਹੋਣ ਦਾ ਸਾਫ ਸੰਕੇਤ ਵੀ ਦੇ ਦਿੱਤਾ ਹੈ।

Add a Comment

Your email address will not be published. Required fields are marked *