ਨਰਸ ਨੇ ਪੱਖੇ ਨਾਲ ਫਾਹਾ ਲਾ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ

ਲੁਧਿਆਣਾ – ਪੱਖੋਵਾਲ ਰੋਡ ’ਤੇ ਸਥਿਤ ਸੀ. ਐੱਚ. ਸੀ. ’ਚ ਤਾਇਨਾਤ ਸਟਾਫ ਨਰਸ ਨੇ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੂੰ ਜਿਉਂ ਹੀ ਇਸ ਦਾ ਪਤਾ ਲੱਗਾ ਤਾਂ ਡੀ. ਐੱਮ. ਸੀ. ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮੌਕੇ ਤੋਂ ਪੁਲਸ ਨੂੰ ਮ੍ਰਿਤਕਾ ਵੱਲੋਂ ਲਿਖਿਆ ਸੁਸਾਈਡ ਨੋਟ ਘਰ ਦੇ ਮੇਜ਼ ਤੋਂ ਬਰਾਮਦ ਹੋਇਆ ਹੈ, ਜਿਸ ’ਚ ਉਸ ਨੇ ਆਪਣੇ ਐੱਸ. ਐੱਮ. ਓ ਅਤੇ ਹੋਰ ਕਰਮਚਾਰੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਬਾਰੇ ਲਿਖਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਮਨਦੀਪ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਅਮਨਦੀਪ ਕੌਰ ਨਾਲ ਸਾਲ 2001 ’ਚ ਹੋਇਆ ਸੀ, ਉਨ੍ਹਾਂ ਦੇ 2 ਪੁੱਤਰ ਅਨੰਤਜੋਤ ਸਿੰਘ ਅਤੇ ਅਜ਼ੀਮਜੋਤ ਹਨ। ਉਹ ਖੁਦ ਪੀ. ਏ. ਯੂ. ਵਿਚ ਮਕੈਨਿਕ ਦਾ ਕੰਮ ਕਰਦਾ ਹੈ, ਉਸ ਦੇ ਪਤੀ ਨੇ ਦੱਸਿਆ ਕਿ ਅਮਨਦੀਪ ਦੀ ਕਰੀਬ 5 ਮਹੀਨੇ ਪਹਿਲਾਂ ਪਰਮੋਸ਼ਨ ਹੋਈ ਸੀ, ਉਸ ਦੀ ਐੱਸ. ਐੱਮ. ਓ. ਉਸ ਨੂੰ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਸੀ। ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਬੇਇੱਜ਼ਤ ਕਰਦੀ ਅਤੇ ਕੁਝ ਹੋਰ ਸਟਾਫ ਮੈਂਬਰ ਵੀ ਉਸ ਨੂੰ ਤੰਗ ਕਰਨ ’ਚ ਉਸ ਦਾ ਸਾਥ ਦਿੰਦੇ ਸਨ। ਇਸ ਹੱਦ ਤੱਕ ਕਿ ਉਸ ਦੀ ਛੁੱਟੀ ਵੀ ਸਵੀਕਾਰ ਨਹੀਂ ਕੀਤੀ ਗਈ।

ਉਸ ਦੇ ਪਤੀ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਲਈ ਗਿਆ ਹੋਇਆ ਸੀ ਅਤੇ ਉਹ ਆਪਣੇ 2 ਪੁੱਤਰਾਂ ਨਾਲ ਘਰ ਹੀ ਮੌਜੂਦ ਸੀ। ਬੱਚਿਆਂ ਨੂੰ ਦੱਸਣ ਤੋਂ ਬਾਅਦ ਉਹ ਕੱਪੜੇ ਧੋਣ ਲਈ ਛੱਤ ’ਤੇ ਚਲੀ ਗਈ ਪਰ ਕਾਫੀ ਦੇਰ ਤੱਕ ਉਹ ਵਾਪਸ ਨਹੀਂ ਪਰਤੀ ਤਾਂ ਉਸ ਦਾ ਲੜਕਾ ਅਨੰਤਜੋਤ ਉਸ ਨੂੰ ਦੇਖਣ ਲਈ ਛੱਤ ’ਤੇ ਚਲਾ ਗਿਆ ਤਾਂ ਕਮਰੇ ’ਚ ਜਾ ਕੇ ਦੇਖਿਆ ਤਾਂ ਅਮਨਦੀਪ ਨੇ ਪੱਖੇ ਨਾਲ ਫਾਹਾ ਲਗਾ ਲਿਆ, ਜਿਸ ’ਤੇ ਉਸ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ। ਜਗਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇੰਸਪੈਕਟਰ ਹਰਸ਼ਦੀਪ ਸਿੰਘ ਨੇ ਦੱਸਿਆ ਕਿ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੇ ਘਰ ਦੇ ਮੇਜ਼ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਪਰ ਕੋਈ ਦਸਤਖ਼ਤ ਨਹੀਂ ਹਨ, ਜਿਸ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *