ਪੁਲਸ ਨੂੰ ਵੱਡੀ ਸਫ਼ਲਤਾ, ਅਸਲਾ ਖੋਹਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਫ਼ਰੀਦਕੋਟ –ਜ਼ਿਲ੍ਹਾ ਪੁਲਸ ਵੱਲੋਂ ਅਜਿਹੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ, ਜੋ ਅਸਲਾ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਇਹ ਜਾਣਕਾਰੀ ਜ਼ਿਲ੍ਹੇ ਦੇ ਨਵ-ਨਿਯੁਕਤ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਕੀਤੀ ਗਈ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਸੀ. ਆਈ. ਏ. ਸਟਾਫ਼ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ, ਸਬ-ਇੰਸਪੈਕਟਰ ਗੁਰਲਾਲ ਸਿੰਘ ਅਤੇ ਏ. ਐੱਸ. ਆਈ. ਲਖਵੀਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ਼ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠਲੀ ਟੀਮ ਜਦੋਂ ਸ਼ੱਕੀ ਪੁਰਸ਼ਾਂ ’ਤੇ ਨਜ਼ਰ ਰੱਖਣ ਲਈ ਗਸ਼ਤ ਕਰ ਰਹੀ ਸੀ ਤਾਂ ਗੁਪਤ ਇਤਲਾਹ ਮਿਲੀ ਸੀ ਕਿ ਜਸਵੀਰ ਸਿੰਘ ਉਰਫ਼ ਭੀਚੂ ਉਰਫ਼ ਲਖਵਿੰਦਰ ਸਿੰਘ ਪੁੱਤਰ ਰੂਪ ਸਿੰਘ, ਜਸ਼ਨਦੀਪ ਸਿੰਘ ਉਰਫ਼ ਭਿੰਦਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਢੀਮਾਂਵਾਲੀ ਅਤੇ ਗੁਰਦਿੱਤ ਸਿੰਘ ਉਰਫ਼ ਜੱਸੀ ਪੁੱਤਰ ਗੁਰਪਾਲ ਸਿੰਘ ਵਾਸੀ ਮਹਿਮਾ ਸਵਾਇਆ ਜ਼ਿਲ੍ਹਾ ਬਠਿੰਡਾ ਕੋਲ ਖੋਹ ਕੀਤਾ ਹੋਇਆ ਨਾਜਾਇਜ਼ ਅਸਲਾ ਹੈ।

ਉਨ੍ਹਾਂ ਦੱਸਿਆ ਕਿ ਇਸ ਇਤਲਾਹ ’ਤੇ ਜਦੋਂ ਪੁਲਸ ਪਾਰਟੀ ਵੱਲੋਂ ਦੋਸ਼ੀਆਂ ਦੇ ਟਿਕਾਣੇ ’ਤੇ ਰੇਡ ਮਾਰੀ ਗਈ ਤਾਂ ਉਕਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਜਸਵੀਰ ਸਿੰਘ ਉਰਫ਼ ਭੀਚੂ ਕੋਲੋਂ 12 ਬੋਰ ਗੰਨ ਤੇ 3 ਜ਼ਿੰਦਾ ਕਾਰਤੂਸ, ਜਦਕਿ ਜਸ਼ਨਦੀਪ ਸਿੰਘ ਕੋਲੋਂ 32 ਬੋਰ ਰਿਵਾਲਵਰ ਬਰਾਮਦ ਹੋਇਆ। ਸੀਨੀਅਰ ਪੁਲਸ ਕਪਤਾਨ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਉਕਤ ਦੋਸ਼ੀਆਂ ਨੇ ਮੰਨਿਆ ਕਿ 12 ਬੋਰ ਦੀ ਗੰਨ ਇਨ੍ਹਾਂ ਬਾਘਾਪੁਰਾਣਾ ਇਲਾਕੇ ’ਚੋਂ ਖੋਹ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਸ ਵੱਲੋਂ ਮੁਕੱਦਮਾ ਨੰਬਰ 29, ਜੋ ਥਾਣਾ ਸਦਰ ਫ਼ਰੀਦਕੋਟ ਵਿਖੇ ਦਰਜ ਕੀਤਾ ਗਿਆ, ਦੇ ਦੋਸ਼ੀ ਬਲਰਾਜ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਗੋਲੇਵਾਲਾ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ 32 ਬੋਰ ਪਿਸਤੌਲ ਸਮੇਤ 3 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆਂ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛ-ਪੜਤਾਲ ਜਾਰੀ ਹੈ।

Add a Comment

Your email address will not be published. Required fields are marked *