ਵਿਜੀਲੈਂਸ ਵੱਲੋਂ ਸੁੰਦਰ ਸ਼ਾਮ ਅਰੋੜਾ ਤੋਂ ਦੋ ਘੰਟੇ ਪੁੱਛ-ਪੜਤਾਲ

ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ-: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਤੋਂ ਅੱਜ ਮੁਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਅਰੋੜਾ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਮੇਤ ਵਿਰੋਧੀ ਧਿਰਾਂ ਨੇ ਅਰੋੜਾ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ। ਬੀਰਦਵਿੰਦਰ ਸਿੰਘ ਲਗਾਤਾਰ ਜੇਸੀਟੀ ਦੀ ਬਹੁਕਰੋੜੀ ਜ਼ਮੀਨ ਦੇ ਤਬਾਦਲੇ ਦਾ ਮੁੱਦਾ ਚੁੱਕਦੇ ਰਹੇ ਹਨ। ਉਨ੍ਹਾਂ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਹੁਣ ‘ਆਪ’ ਸਰਕਾਰ ਨੇ ਅਰੋੜਾ ਖ਼ਿਲਾਫ਼ ਇਸ ਫਾਈਲ ਤੋਂ ਮਿੱਟੀ ਝਾੜ ਕੇ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਹਨ। ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਮੁੱਖ ਦਫ਼ਤਰ ਵਿੱਚ ਸੱਦਿਆ ਸੀ ਅਤੇ ਅੱਜ ਉਨ੍ਹਾਂ ਕੋਲੋਂ ਚੱਲ ਤੇ ਅਚੱਲ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਜਾਂਚ ਟੀਮ ਨੂੰ ਦੱਸਿਆ ਹੈ ਕਿ ਚੋਣ ਲੜਨ ਸਮੇਂ ਉਨ੍ਹਾਂ ਵੱਲੋਂ ਹਲਫ਼ਨਾਮੇ ਵਿੱਚ ਆਪਣੀ ਜ਼ਮੀਨ-ਜਾਇਦਾਦ ਬਾਰੇ ਪੂਰਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦੇਗੀ, ਉਹ ਹਾਜ਼ਰ ਹੋ ਜਾਣਗੇ ਅਤੇ ਵਿਜੀਲੈਂਸ ਨੂੰ ਜਾਂਚ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।

ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅੱਜ ਸਵੇਰੇ ਕਰੀਬ 11 ਵਜੇ ਮੁਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਦੇ ਮੁੱਖ ਦਫ਼ਤਰ ’ਚ ਜਾਂਚ ਵਿੱਚ ਸ਼ਾਮਲ ਹੋਣ ਲਈ ਆਪਣੇ ਵਕੀਲ ਨਾਲ ਪਹੁੰਚੇ ਸਨ। ਸਾਬਕਾ ਮੰਤਰੀ ਨੇ ਕਿਹਾ ਕਿ ਵਿਜੀਲੈਂਸ ਨੇ ਉਨ੍ਹਾਂ ਕੋਲੋਂ ਜ਼ਮੀਨ-ਜਾਇਦਾਦ ਬਾਰੇ ਜੋ ਵੀ ਸਵਾਲ ਕੀਤੇ, ਉਨ੍ਹਾਂ ਨੇ ਉਸ ਦਾ ਸਹੀ ਜਵਾਬ ਦਿੱਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਦੀ ਚੋਣ ਲੜਨ ਸਮੇਂ ਰਿਟਰਨਿੰਗ ਅਫ਼ਸਰ ਕੋਲ ਜਿਹੜਾ ਹਲਫ਼ੀਆ ਬਿਆਨ ਜਮ੍ਹਾ ਕਰਵਾਇਆ ਸੀ, ਉਸ ਦੀ ਕਾਪੀ ਜਾਂਚ ਟੀਮ ਨੂੰ ਸੌਂਪ ਦਿੱਤੀ ਗਈ ਹੈ। ਜਦੋਂ ਉਨ੍ਹਾਂ ਕੋਲੋਂ ਵਿਜੀਲੈਂਸ ਵੱਲੋਂ ਕੁੱਝ ਖਾਸ ਅਧਿਕਾਰੀਆਂ ਦੇ ਨਾਮ ਲੈਣ ਸਬੰਧੀ ਪੁੱਛੇ ਜਾਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ।

ਸਿੰਜਾਈ ਘਪਲਾ: ਵਿਜੀਲੈਂਸ ਨੇ ਠੇਕੇਦਾਰ ਗੁਰਿੰਦਰ ਸਿੰਘ ਤੋਂ ਕੀਤੀ ਪੁੱਛ-ਪੜਤਾਲ

ਚੰਡੀਗੜ੍ਹ :ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ ’ਚ ਹੋਏ ਬਹੁ ਕਰੋੜੀ ਘਪਲੇ ਦੀ ਜਾਂਚ ਮੁੜ ਤੋਂ ਆਰੰਭ ਦਿੱਤੀ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਠੇਕੇਦਾਰ ਗੁਰਿੰਦਰ ਸਿੰਘ ਉਰਫ਼ ਭਾਪਾ ਤੋਂ ਅੱਜ ਵਿਜੀਲੈਂਸ ਦੇ ਅਧਿਕਾਰੀਆਂ ਨੇ ਘੰਟਿਆਂ ਬੱਧੀ ਪੁੱਛ-ਪੜਤਾਲ ਕੀਤੀ। ਵਿਜੀਲੈਂਸ ਦੇ ਏਆਈਜੀ ਮਨਮੋਹਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਉਸ ਤੋਂ ਸਿੰਜਾਈ ਘੁਟਾਲੇ ਨਾਲ ਸਬੰਧਤ ਕਈ ਸਵਾਲ ਪੁੱਛੇ। ਸੂਤਰਾਂ ਮੁਤਾਬਕ ਇਸ ਮਾਮਲੇ ਨਾਲ ਜੁੜੇ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਸਣੇ ਤਿੰਨ ਸੇਵਾਮੁਕਤ ਆਈਏਐੱਸ ਅਧਿਕਾਰੀਆਂ ਸਰਵੇਸ਼ ਕੌਸ਼ਲ, ਕੇ ਬੀ ਐੱਸ ਸਿੱਧੂ, ਕਾਹਨ ਸਿੰਘ ਪੰਨੂ, ਦੋਵੇਂ ਸਾਬਕਾ ਮੰਤਰੀਆਂ ਦੇ ਨਿੱਜੀ ਸਹਾਇਕਾਂ, ਸਿੰਜਾਈ ਵਿਭਾਗ ਦੇ ਇੰਜਨੀਅਰਾਂ ਅਤੇ ਠੇਕੇਦਾਰਾਂ ਨੂੰ ਵੀ ਬੁਲਾਇਆ ਜਾਵੇਗਾ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਗੁਰਿੰਦਰ ਸਿੰਘ ਠੇਕੇਦਾਰ ਤੋਂ ਅਕਾਲੀ-ਭਾਜਪਾ ਸਰਕਾਰ ਸਮੇਂ ਟੈਂਡਰਾਂ ਦੀ ਅਲਾਟਮੈਂਟ ਲਈ ਲੁਕਵੀਆਂ ਸਕੀਮਾਂ ਕਿਵੇਂ ਲਾਈਆਂ ਜਾਂਦੀਆਂ ਸਨ ਅਤੇ ਨੌਕਰਸ਼ਾਹਾਂ ਤੇ ਸਾਬਕਾ ਮੰਤਰੀਆਂ ਦੀ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਹੈ, ਬਾਰੇ ਵੀ ਪੁੱਛ-ਗਿੱਛ ਕੀਤੀ ਜਾਵੇਗੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਠੇਕੇਦਾਰ ਤੋਂ ਮੁਕੰਮਲ ਤੱਥ ਅਤੇ ਦਸਤਾਵੇਜ਼ ਹਾਸਲ ਕਰਨ ਮਗਰੋਂ ਹੀ ਸਾਬਕਾ ਮੰਤਰੀਆਂ ਅਤੇ ਸਾਬਕਾ ਅਫ਼ਸਰਾਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਜਾਵੇਗਾ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਠੇਕੇਦਾਰ ਨੇ ਇਸ ਤੋਂ ਪਹਿਲਾਂ ਹੋਈ ਤਫ਼ਤੀਸ਼ ਦੌਰਾਨ ਸਾਬਕਾ ਮੰਤਰੀਆਂ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਰਿਸ਼ਵਤ ਵਜੋਂ ਦੇਣ ਦਾ ਖੁਲਾਸਾ ਕੀਤਾ ਸੀ। ਵਿਜੀਲੈਂਸ ਵੱਲੋਂ ਠੇਕੇਦਾਰ ਦੀ ਸਾਬਕਾ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਨੇ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 17 ਅਗਸਤ, 2017 ਨੂੰ ਧਾਰਾ 406, 409, 420, 467, 468, 471, 477, 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਇੰਜਨੀਅਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਵੱਲੋਂ ਇਸ ਮਾਮਲੇ ’ਚ 10 ਦੋਸ਼ ਪੱਤਰ ਦਾਇਰ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਠੇਕੇਦਾਰ ਗੁਰਿੰਦਰ ਸਿੰਘ ਨੇ ਵਿਜੀਲੈਂਸ ਦੇ ਦਸਤਾਵੇਜ਼ ’ਤੇ ਆਪਣੇ ਦਸਤਖਤ ਨਾ ਹੋਣ ਦਾ ਦਾਅਵਾ ਕਰਕੇ ਮਾਮਲੇ ਨੂੰ ਪੁੱਠਾ ਗੇੜਾ ਦੇ ਦਿੱਤਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਸਾਰੇ ਤੱਥਾਂ ਅਤੇ ਗਵਾਹਾਂ ਦੀ ਪੁਣ-ਛਾਣ ਕੀਤੀ ਜਾਵੇਗੀ। ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਸਰਕਾਰਾਂ ਦੇ ਸਮੇਂ ਇਸ ਮਾਮਲੇ ਦੀ ਤਫਤੀਸ਼ ਨਾਲ ਜੁੜੇ ਰਹੇ ਵਿਜੀਲੈਂਸ ਬਿਊਰੋ ਦੇ ਅਫਸਰ ਵੀ ਘਬਰਾਏ ਹੋਏ ਹਨ।

Add a Comment

Your email address will not be published. Required fields are marked *