ਮੋਹਾਲੀ ਨੇੜਲੇ ਪਿੰਡ ਬੱਲੋਮਾਜਰਾ ਤੋਂ 2 ਬੱਚੇ ਲਾਪਤਾ

ਮੋਹਾਲੀ : ਇੱਥੋਂ ਦੇ ਨੇੜਲੇ ਪਿੰਡ ਬੱਲੋਮਾਜਰਾ ਤੋਂ ਇਕ ਪਰਿਵਾਰ ਦੇ 2 ਬੱਚੇ ਬੀਤੇ ਐਤਵਾਰ ਸ਼ਾਮ ਤੋਂ ਲਾਪਤਾ ਹਨ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲਾਪਤਾ ਬੱਚਿਆਂ ਅਰਵਿੰਦਰ ਦੀ ਉਮਰ 12 ਸਾਲ ਅਤੇ ਹਿਮਾਂਸ਼ੂ ਦੀ ਉਮਰ 9 ਸਾਲ ਹੈ। ਇਹ ਬੱਚੇ ਐਤਵਾਰ ਸ਼ਾਮ ਨੂੰ ਆਪਣੇ ਘਰੋਂ ਸਾਈਕਲ ’ਤੇ ਪਾਰਕ ‘ਚ ਖੇਡਣ ਲਈ ਜਾਣ ਦੀ ਗੱਲ ਕਹਿ ਕੇ ਨਿਕਲੇ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਏ। 4 ਦਿਨਾਂ ਬਾਅਦ ਵੀ ਦੋਹਾਂ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਆਿ ਹੈ। ਪਹਿਲਾਂ ਪਰਿਵਾਰ ਨੇ ਆਪਣੇ ਤੌਰ ’ਤੇ ਬੱਚਿਆਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।

ਇਸ ਉਪਰੰਤ ਲਾਪਤਾ ਬੱਚਿਆਂ ਦੀ ਮਾਂ ਨੇ ਬਲੌਂਗੀ ਥਾਣੇ ‘ਚ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਦੋਹਾਂ ਲਾਪਤਾ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬਲੌਂਗੀ ਦੇ ਐੱਸ. ਐੱਚ. ਓ. ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਫਿਰੌਤੀ ਜਾਂ ਧਮਕਾਉਣ ਦਾ ਫੋਨ ਨਹੀਂ ਆਇਆ ਅਤੇ ਪੁਲਸ ਇਹ ਮੰਨ ਕੇ ਚੱਲ ਰਹੀ ਹੈ ਕਿ ਬੱਚਿਆਂ ਨੂੰ ਅਗਵਾ ਨਹੀਂ ਕੀਤਾ ਗਿਆ, ਬਲਕਿ ਬੱਚੇ ਖ਼ੁਦ ਕਿਤੇ ਚਲੇ ਗਏ ਹਨ।

ਪੁਲਸ ਅਨੁਸਾਰ ਵੱਡਾ ਮੁੰਡਾ ਅਰਵਿੰਦਰ ਪਹਿਲਾਂ ਵੀ ਘਰੋਂ ਕਿਤੇ ਚਲਾ ਗਿਆ ਸੀ ਅਤੇ 5 ਦਿਨਾਂ ਬਾਅਦ ਵਾਪਸ ਆਇਆ ਸੀ। ਹੁਣ ਇਸ ਵਾਰ ਉਹ ਸਾਈਕਲ ’ਤੇ ਆਪਣੇ ਛੋਟੇ ਭਰਾ ਨੂੰ ਵੀ ਲੈ ਗਿਆ ਹੈ ਅਤੇ 8 ਤੋਂ 10 ਹਜ਼ਾਰ ਰੁਪਏ ਵੀ ਲੈ ਗਿਆ ਹੈ। ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਇਹ ਬੱਚੇ ਇੱਥੇ ਨੇੜੇ ਹੀ ਖੇਡਦੇ ਦੇਖੇ ਗਏ ਸਨ ਅਤੇ ਇਨ੍ਹਾਂ ਦੇ ਕਿਤੇ ਆਸ-ਪਾਸ ਹੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲਸ ਬੱਚਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਅਤੇ ਪੁਲਸ ਵਲੋਂ ਇਸ ਖੇਤਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *