ਸਿਰਫ਼ਿਰੇ ਆਸ਼ਿਕ ਨੇ ਚਾਕੂ ਨਾਲ ਕੀਤਾ ਵਿਆਹੁਤਾ ਦਾ ਕਤਲ

ਜ਼ੀਰਕਪੁਰ: ਵੀਰਵਾਰ ਦੇਰ ਰਾਤ ਸਰਸਵਤੀ ਵਿਹਾਰ ਵਿਚ ਇਕ ਔਰਤ ਦਾ ਪੇਚਕਸ, ਪਲਾਸ ਅਤੇ ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।

ਮ੍ਰਿਤਕਾ ਦੀ ਪਛਾਣ ਕਾਜਲ ਪਾਂਡੇ ਨਿਵਾਸੀ ਮਕਾਨ ਨੰਬਰ-5, ਮਾਡਰਨ ਐਨਕਲੇਵ ਬਲਟਾਣਾ ਵਜੋਂ ਹੋਈ ਹੈ, ਜੋ 2 ਬੱਚਿਆਂ ਦੇ ਨਾਲ ਕਿਰਾਏ ’ਤੇ 2 ਕਮਰਿਆਂ ਦੇ ਮਕਾਨ ’ਚ ਰਹਿੰਦੀ ਸੀ। ਪੁਲਸ ਦੀ ਮੁੱਢਲੀ ਜਾਂਚ ਵਿਚ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ ਪਰ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਹਸਪਤਾਲ ਪਹੁੰਚਾਈ। ਇਸਤੋਂ ਬਾਅਦ ਘਟਨਾ ਸਥਾਨ ਤੋਂ ਮਿਲਿਆ ਪੇਚਕਸ, ਪਲਾਸ ਅਤੇ ਚਾਕੂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਕੁਲਦੀਪ ਨੇਗੀ ਨਿਵਾਸੀ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਡੇਰਾਬੱਸੀ ਥਾਣਾ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮ੍ਰਿਤਕਾ ਕਾਜਲ ਵੀਰਵਾਰ ਰਾਤ ਡੇਰਾਬੱਸੀ ਸਥਿਤ ਸਰਸਵਤੀ ਵਿਹਾਰ ਵਿਚ ਸਥਿਤ ਸੁਖਮਨੀ ਕਾਲਜ ਕੋਲ ਬੁਆਏ ਫਰੈਂਡ ਕੁਲਦੀਪ ਨੇਗੀ ਕੋਲ ਆਈ ਸੀ। ਕੁਲਦੀਪ ਸਰਸਵਤੀ ਵਿਹਾਰ ਵਿਚ ਕਿਰਾਏ ’ਤੇ ਰਹਿੰਦਾ ਸੀ ਅਤੇ ਦੋਵਾਂ ਵਿਚਕਾਰ ਕਿਸੇ ਗੱਲ ਤੋਂ ਦੇਰ ਰਾਤ ਸਾਢੇ 10 ਵਜੇ ਬਹਿਸ ਹੋ ਗਈ।

ਕੁਲਦੀਪ ਨੇ ਗੁੱਸੇ ਵਿਚ ਆ ਕੇ ਕਮਰੇ ਵਿਚ ਰੱਖੇ ਪੇਚਕਸ, ਪਲਾਸ ਅਤੇ ਚਾਕੂ ਨਾਲ ਉਸਦੇ ਢਿੱਡ ’ਤੇ ਕਈ ਵਾਰ ਕੀਤੇ। ਮੁਲਜ਼ਮ ਉਦੋਂ ਤਕ ਵਾਰ ਕਰਦਾ ਰਿਹਾ, ਜਦੋਂ ਤਕ ਕਾਜਲ ਦੀ ਮੌਤ ਨਹੀਂ ਹੋ ਗਈ। ਕਿਸੇ ਕੰਮ ਲਈ ਕੁਲਦੀਪ ਦਾ ਦੋਸਤ ਨਰੇਸ਼ ਠਾਕੁਰ ਕਮਰੇ ਵਿਚ ਪਹੁੰਚਿਆ ਤਾਂ ਵੇਖਿਆ ਕਿ ਕੁਲਦੀਪ ਦੇ ਕੱਪੜੇ ਖੂਨ ਨਾਲ ਲਿੱਬੜੇ ਹੋਏ ਸਨ। ਇਹ ਵੇਖ ਕੇ ਨਿਰੇਸ਼ ਘਬਰਾ ਗਿਆ। ਮੁਲਜ਼ਮ ਕੁਲਦੀਪ ਦੀ ਗੱਲ ਸੁਣਦਿਆਂ ਹੀ ਨਰੇਸ਼ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇਣ ਲੱਗਾ ਤਾਂ ਕੁਲਦੀਪ ਮੌਕੇ ਤੋਂ ਫਰਾਰ ਹੋ ਗਿਆ।

ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਘਟਨਾ ਸਥਾਨ ’ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ। ਪੁਲਸ ਨੇ ਨਰੇਸ਼ ਦੇ ਬਿਆਨ ’ਤੇ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *