ਹੁਣ ਕੰਗਨਾ ਰਣੌਤ ਨੇ ਸ਼ੁੱਭ ਦੇ ਗੀਤ ਦੀ ਪਾਈ ਸਟੋਰੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨਾਲ ਵੀ ਉਸ ਦੇ ਕਈ ਵਿਵਾਦ ਰਹਿ ਚੁੱਕੇ ਹਨ। ਇਸ ਵਿਚ ਕਿਸਾਨ ਅੰਦੋਲਨ ਦੌਰਾਨ ਦਿਲਜੀਤ ਦੋਸਾਂਝ ਦੇ ਨਾਲ ਵਿਵਾਦ ਸਭ ਤੋਂ ਵੱਧ ਚਰਚਾ ਵਿਚ ਰਿਹਾ ਸੀ। ਉਸ ਮਗਰੋਂ ਪੰਜਾਬੀ ਗਾਇਕ ਸ਼ੁੱਭ ਨੂੰ ਲੈ ਕੇ ਵੀ ਉਸ ਨੇ ਬਹੁਤ ਬਿਆਨਬਾਜ਼ੀ ਕੀਤੀ ਸੀ। ਪਰ ਹੁਣ ਕੰਗਨਾ ਰਣੌਤ ਦੀ ਇੰਸਟਾਗ੍ਰਾਮ ਸਟੋਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 

ਦਰਅਸਲ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ਵਿਚ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਪਿੱਛੇ ਪੰਜਾਬੀ ਗਾਇਕ ਸ਼ੁੱਭ ਦਾ ਗਾਣਾ ਲਗਾਇਆ ਹੈ। ਉਸ ਨੇ ਭਤੀਜੇ ਦੀਆਂ 2 ਸਟੋਰੀਜ਼ ਲਗਾਈਆਂ ਹਨ ਜਿਸ ਦੇ ਪਿੱਛੇ ਸ਼ੁੱਭ ਦਾ ‘Cheques’ ਗਾਣਾ ਲਗਾਇਆ ਹੋਇਆ ਹੈ। ਇਸ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। 

ਇਸ ਮਗਰੋਂ ਕੰਗਨਾ ਨੇ ਇਕ ਹੋਰ ਸਟੋਰੀ ਪਾਈ ਜਿਸ ਵਿਚ ਉਸ ਨੇ ਲਿਖਿਆ, “ਇਕ ਵਿਚਾਰ… ਮਮਤਾ ਅਤੇ ਨਫ਼ਰਤ ਦੋਵਾਂ ਵਿਚ ਸਮੇਂ ਅਨੁਸਾਰ (ਧਰਮ ਅਤੇ ਕਰਮ ਨੂੰ ਅਧਾਰ ਬਣਾ ਕੇ) ਡੁੱਬਣਾ ਅਤੇ ਇਸ ਵਿਚੋਂ ਉੱਭਰਨਾ ਕੋਈ ਕਲਾ ਨਹੀਂ ਬਲਕਿ ਮਨੁੱਖਤਾ ਹੈ। ਕੰਗਨਾ ਦੀ ਇਸ ਗੱਲ ਦਾ ਇਹ ਮਤਲਬ ਕੱਢਿਆ ਜਾ ਰਿਹਾ ਹੈ ਕਿ ਉਸ ਦੇ ਗਾਇਕ ਸ਼ੁਭ ਪ੍ਰਤੀ ਗਿਲੇ-ਸ਼ਿਕਵੇ ਵੀ ਦੂਰ ਹੋ ਗਏ ਹਨ। 

ਦਰਅਸਲ ਸ਼ੁੱਭ ਨੇ ਪੰਜਾਬ ਵਿਚ ਇੰਟਰਨੈੱਟ ਆਦਿ ਬੰਦ ਕੀਤੇ ਜਾਣ ‘ਤੇ ਪੰਜਾਬ ਦੇ ਹੱਕ ਵਿਚ ਆਵਾਜ਼ ਚੁੱਕੀ ਸੀ। ਹਾਲਾਂਕਿ ਉਸ ਦੀ ਸਟੋਰੀ ਦਾ ਗਲਤ ਮਤਲਬ ਕੱਢ ਕੇ ਉਸ ਦਾ ਵਿਰੋਧ ਕੀਤਾ ਜਾਣ ਲੱਗ ਪਿਆ ਸੀ। ਇਸ ਮਗਰੋਂ ਉਸ ਨੇ ਸਫ਼ਾਈ ਵੀ ਦਿੱਤੀ ਸੀ। ਉਸ ਮਗਰੋਂ ਕੰਗਨਾ ਰਣੌਤ ਨੇ ਸ਼ੁਭ ਨੂੰ ਕਾਫੀ ਬੁਰਾ-ਭਲਾ ਬੋਲਿਆ ਸੀ ਤੇ ਇਹ ਤਕ ਕਹਿ ਦਿੱਤਾ ਸੀ ਕਿ ਭਾਰਤ ਸਰਕਾਰ ਨੂੰ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਕਤ ਸਟੋਰੀ ਕਾਰਨ ਸ਼ੁੱਭ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਦਾ ਦਾ ਇੰਡੀਆ ਟੂਰ ਵੀ ਰੱਦ ਹੋ ਗਿਆ ਸੀ।

Add a Comment

Your email address will not be published. Required fields are marked *