ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ

ਸਮਰਾਲਾ –ਪਾਲੀਵੁੱਡ ਦੀਆਂ ਬੱਬੂ ਮਾਨ ਸਟਾਰਰ ਸੁਪਰਹਿੱਟ ਫ਼ਿਲਮਾਂ ‘ਏਕਮ’ ਅਤੇ ‘ਹਸ਼ਰ’ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਸਕ੍ਰਿਪਟ ਰਾਈਟਰ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਅੱਜ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਅੱਜ ਸ਼ਾਮ ਤਕਰੀਬਨ ਸਾਢੇ 4 ਵਜੇ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ, ਜਿਸ ਸਦਕਾ ਮੌਕੇ ’ਤੇ ਉਨ੍ਹਾਂ ਦੀ ਮੌਤ ਹੋ ਗਈ। ਮਾ. ਤਰਲੋਚਨ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦਿਆਂ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ’ਚ ਸੋਗ ਦੀ ਲਹਿਰ ਫੈਲ ਗਈ।

ਪੰਜਾਬੀ ਗਾਇਕ ਬੱਬੂ ਮਾਨ ਮਾ. ਤਰਲੋਚਨ ਸਿੰਘ ਨੂੰ ਆਪਣਾ ਉਸਤਾਕ ਮੰਨਦਾ ਸੀ। ਜਾਣਕਾਰੀ ਅਨੁਸਾਰ ਮਾ. ਤਰਲੋਚਨ ਸਿੰਘ ਸ਼ਾਮ ਵੇਲੇ ਆਪਣੇ ਜਾਣਕਾਰ ਨੂੰ ਮਿਲਣ ਉਪਰੰਤ ਵਾਪਸ ਘਰ ਪਰਤ ਰਹੇ ਸਨ, ਜਿਵੇਂ ਹੀ ਉਹ ਘਰ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕ ਦੇਹ ਨੂੰ ਬੜੀ ਮੁਸ਼ਕਿਲ ਗੱਡੀ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ।

ਉਧਰ ਪੁਲਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਗੱਡੀ ਦੇ ਚਾਲਕ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਚਾਹੇ ਕੋਈ ਵੀ ਹੋਏ, ਸਖ਼ਤ ਕਾਰਵਾਈ ਹੋਵੇਗੀ। ਇਸ ਦੁੱਖ਼ਦਾਈ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਸਾਹਿਤਕ ਅਕਾਦਮੀ ਦੇ ਡਾ. ਗੁਰਭਜਨ ਗਿੱਲ ਅਤੇ ਲੇਖਕ ਮੰਚ ਸਮਰਾਲਾ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਖਿਆ ਕਿ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਤੇ ਅਣਗਿਣਤ ਸਾਹਿਤਕ ਸੰਸਥਾਵਾਂ ਲਈ ਕੰਮ ਕਰਨ ਵਾਲੇ ਮਾ. ਤਰਲੋਚਨ ਸਿੰਘ ਦੀ ਮੌਤ ਨਾਲ ਪੰਜਾਬੀ ਸਾਹਿਤਕ ਖੇਤਰ ’ਚ ਇਕ ਅਜਿਹੀ ਘਾਟ ਪੈਦਾ ਹੋ ਗਈ ਹੈ, ਜਿਸ ਨੂੰ ਹੁਣ ਕਦੇ ਵੀ ਪੂਰਿਆ ਨਹੀਂ ਜਾ ਸਕਦਾ।

Add a Comment

Your email address will not be published. Required fields are marked *