ਕਿਸਾਨ ਅੰਦੋਲਨ: SKM ਦੀ ਦੋਵਾਂ ਮੋਰਚਿਆਂ ਨੂੰ ਨਸੀਹਤ

ਪਟਿਆਲਾ – ਸੰਯੁਕਤ ਕਿਸਾਨ ਮੋਰਚਾ ਨੇ ਅੱਜ ਇਕ 8 ਮੈਂਬਰੀ ਮਤਾ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾਵਾਂ ਨੂੰ ਸੌਂਪਦਿਆਂ ਆਖਿਆ ਹੈ ਕਿ ਕਿਸਾਨ ਸੰਘਰਸ਼ ਦੀ ਜਿੱਤ ਲਈ ਏਕਤਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਇਸ ਕਿਸਾਨ ਏਕਤਾ ਲਈ 6 ਮੈਂਬਰੀ ਕਮੇਟੀ ਬਣਾਈ ਸੀ, ਜਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਏਕਤਾ ਲਈ ਪਹਿਲ ਕੀਤੀ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦਿੱਲੀ ਸੰਘਰਸ਼ ਜਿੱਤਿਆ ਗਿਆ ਸੀ, ਅੱਜ ਵੀ ਉਸੇ ਮਾਰਗ ’ਤੇ ਚੱਲ ਕੇ ਇਹ ਜਿੱਤਾਂ ਜਿੱਤੀਆਂ ਜਾ ਸਕਦੀਆਂ ਹਨ।

ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਦੇ ਨੇਤਾਵਾਂ ਨੂੰ ਸਭ ਤੋਂ ਪਹਿਲਾਂ ਤਾਲਮੇਲ ਅਤੇ ਸੰਗਠਲ ਢਾਂਚਾ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਪਹਿਲਾਂ ਹੀ ਐੱਸ. ਕੇ. ਐੱਮ. ਦਾ ਹਿੱਸਾ ਰਿਹਾ ਹੈ। ਇਸ ਲਈ ਉਸ ਕੇਂਦਰ ਬਿੰਦੂਆਂ ’ਤੇ ਸਹਿਮਤੀ ਹੋਣੀ ਜ਼ਰੂਰੀ ਹੈ। ਦੂਸਰਾ ਸੰਘਰਸ਼ ਦੀਆਂ ਮੰਗਾਂ ਬਿਲਕੁਲ ਸਾਫ ਹੋਣੀਆਂ ਚਾਹੀਦੀਆਂ ਹਨ ਅਤੇ ਸੰਘਰਸ਼ ਦਾ ਮੁੱਖ ਨਿਸ਼ਾਨਾ ਕੇਂਦਰ ਸਰਕਾਰ ਹੋਣੀ ਚਾਹੀਦੀ ਹੈ।

ਸੰਯੁਕਤ ਕਿਸਾਨ ਮੋਰਚਾ ਦੀ 6 ਮੈਂਬਰੀ ਕਮੇਟੀ ਦੇ ਨੇਤਾ ਜਗਿੰਦਰ ਸਿੰਘ ਉਗਰਾਹਾਂ, ਹਰਨਾਨ ਮੌਲਾ, ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ ਤੇ ਰਮਿੰਦਰ ਪਟਿਆਲਾ ਨੇ ਆਖਿਆ ਕਿ ਅਸੀ ਇਕਜੁਟਤਾ ਚਾਹੁੰਦੇ ਹਾਂ ਤੇ ਲਗਾਤਾਰ ਦੂਸਰੇ ਮੋਰਚੇ ਦੇ ਨੇਤਾਵਾਂ ਨੂੰ ਮੀਟਿੰਗਾਂ ਕਰ ਕੇ ਬੇਨਤੀਆਂ ਕਰ ਚੁੱਕੇ ਹਾਂ। ਸ਼ਹੀਦ ਕਿਸਾਨ ਸ਼ੁਭਕਰਨ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਹੀ ਜੇਕਰ ਕੋਈ ਸਾਨੂੰ ਕਿਸਾਨ ਸੰਘਰਸ਼ ਮੋਰਚਾ, ਕੋਈ ਸਾਂਝੀ ਮੀਟਿੰਗ ਦਾ ਪਲਾਨ ਕਰਦਾ ਹੈ ਤਾਂ ਇਹ ਏਕਤਾ ਸੰਭਵ ਹੋ ਸਕਦੀ ਹੈ।

Add a Comment

Your email address will not be published. Required fields are marked *