ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ

ਜਲੰਧਰ – ਪੰਜਾਬ ਦੇ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਦਿੱਤੇ ਗਏ ਖੁੱਲ੍ਹੀ ਬਹਿਸ ਦੇ ਸੱਦੇ ਦੇ ਚੈਲੰਜ ਨੂੰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਤਾਂ ਨਾਲ ਕਬੂਲ ਕਰ ਲਿਆ ਹੈ। ਉਨ੍ਹਾਂ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਵਿਚ 7 ਸਵਾਲਾਂ ਦੇ ਜਵਾਬ ਭਗਵੰਤ ਮਾਨ ਨੂੰ ਜਨਤਾ ਸਾਹਮਣੇ ਰੱਖਣ ਲਈ ਕਿਹਾ ਹੈ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ, ਪਿਛਲੇ ਡੇਢ ਸਾਲ ਵਿੱਚ ਜਦੋਂ-ਜਦੋਂ ਵੀ ਤੁਹਾਡੇ ਤੋਂ ਕੋਈ ਸਵਾਲ ਪੁੱਛਿਆ ਗਿਆ ਹੈ ਜਾਂ ਕੋਈ ਸਲਾਹ ਦਿੱਤੀ ਗਈ ਹੈ, ਤੁਸੀਂ ਅਕਸਰ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੀ ਚਰਚਾ ਛੇੜ ਦਿੰਦੇ ਹੋ। ਚੰਗਾ ਹੁੰਦਾ ਜੇਕਰ ਤੁਸੀਂ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨਾਲ ਇਕ ਸਾਰਥਕ ਚਰਚਾ ਕਰਦੇ। ਲੋਕਤੰਤਰ ਵਿੱਚ ਵੈਸੇ ਤਾਂ ਵਿਰੋਧੀ ਧਿਰ ਅਤੇ ਜਨਤਾ ਸੱਤਾਧਾਰੀ ਸਰਕਾਰ ਤੋਂ ਸਵਾਲ ਪੁੱਛਦੀ ਹੈ ਪਰ ਤੁਹਾਡੀ ਸਰਕਾਰ ‘ਬਦਲਾਅ’ ਦੀ ਸਰਕਾਰ ਹੈ, ਇਸ ਕਰਕੇ ਤੁਸੀਂ ਸਵਾਲ ਵਿਰੋਧੀਆਂ ਨੂੰ ਪੁੱਛਦੇ ਹੋ।

ਮਾਨ ਸਾਹਿਬ! ਬਹਿਸ ਨੂੰ ਸਾਰਥਕ ਬਣਾਉਣ ਲਈ ਅਤੇ ਸੂਬੇ ਦੀ ਸਹੀ ਸਥਿਤੀ ਲੋਕਾਂ ਸਾਹਮਣੇ ਜਨਤਕ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਹੇਠ ਲਿਖੇ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਉਪਲੱਬਧ ਕਰਾਓ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਆਖਿਆ ਹੈ ਕਿ ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲ੍ਹਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ-ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕਿਸ ਨੇ ਕਿਵੇਂ ਲੁੱਟਿਆ, ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜ਼ੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਵਰਗੇ ਸਾਰੇ ਮੁੱਦਿਆਂ ’ਤੇ ਲਾਈਵ ਬਹਿਸ ਕਰੀਏ। ਇਥੇ ਹੀ ਬਸ ਨਹੀਂ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਆਖਿਆ ਹੈ ਕਿ ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ। 1 ਨਵੰਬਰ ‘ਪੰਜਾਬ ਦਿਵਸ’ ਵਾਲਾ ਦਿਨ ਠੀਕ ਰਹੇਗਾ। ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ। ਮੇਰੀ ਤਾਂ ਪੂਰੀ ਤਿਆਰੀ ਹੈ ਕਿਉਂਕਿ ਸੱਚ ਬੋਲਣ ਲਈ ਰੱਟੇ ਨਹੀਂ ਲਾਉਣੇ ਪੈਂਦੇ। 

Add a Comment

Your email address will not be published. Required fields are marked *