ਪੰਜਾਬ ‘ਚ ਆਉਂਦੇ ਦਿਨਾਂ ਨੂੰ ਖ਼ਰਾਬ ਰਹੇਗਾ ਮੌਸਮ, ਵਿਭਾਗ ਦੀ ਸਲਾਹ ਵੱਲ ਧਿਆਨ

ਲੁਧਿਆਣਾ : ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਗਰਮੀ ਨੇ ਆਪਣਾ ਜ਼ੋਰ ਦਿਖਾਇਆ ਹੈ ਪਰ ਆਉਣ ਵਾਲੇ ਕੁੱਝ ਦਿਨ ਅੰਦਰ ਤਾਪਮਾਨ ’ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਬੀਤੇ ਦਿਨ ਤਾਪਮਾਨ ’ਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਆਮ ਨਾਲੋਂ ਬੀਤੇ ਦਿਨ ਤਾਪਮਾਨ 4.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦਾ ਤਾਪਮਾਨ 42.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਘੱਟੋ-ਘੱਟ ਤਾਪਮਾਨ ’ਚ ਵੀ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਔਸਤਨ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਹੈ।

ਪੰਜਾਬ ‘ਚ ਸਭ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦਾ 18.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਸੂਬੇ ਦੇ ਕੁੱਝ ਹਿੱਸਿਆ ’ਚ ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗਰਜ਼ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। 17 ਅਪ੍ਰੈਲ ਦੀ ਅੱਧੀ ਰਾਤ ਤੋਂ ਬਾਅਦ ਪੱਛਮੀ ਪੌਣਾਂ ਦੇ ਸਰਗਰਮ ਹੋਣ ਨਾਲ ਪੰਜਾਬ ਦੇ ਉੱਤਰੀ ਹਿੱਸਿਆਂ ’ਚ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁੱਝ ਹਿੱਸਿਆ ’ਚ 18 ਤੋਂ 20 ਅਪ੍ਰੈਲ ਦਰਮਿਆਨ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਮੁਤਾਬਕ ਇਸ ਹਫ਼ਤੇ ਪੰਜਾਬ ’ਚ ਕਈ ਥਾਵਾਂ ‘ਤੇ ਮੀਂਹ ਪਵੇਗਾ। ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਫ਼ਸਲਾਂ ਦੀ ਸਿੰਚਾਈ, ਖ਼ਾਦਾਂ ਤੇ ਕੀਟਨਾਸ਼ਕਾਂ ਦਾ ਇਸਤੇਮਾਲ ਖੇਤਾਂ ‘ਚ ਨਾ ਕੀਤਾ ਜਾਵੇ। ਤੇਜ਼ ਹਵਾਵਾਂ ਦੀ ਸੰਭਾਵਨਾ ਨੂੰ ਦੇਖਦਿਆ ਹੋਇਆ ਦਰੱਖ਼ਤਾਂ ਹੇਠ ਨਾ ਰੁਕਣ, ਜਲ ਸਰੋਤਾਂ ਕੋਲ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ। ਅਗਲੇ ਕੁੱਝ ਦਿਨਾਂ ’ਚ ਤਾਪਮਾਨ ‘ਚ 2 ਤੋਂ 4 ਡਿਗਰੀ ਸੈਲਸੀਅਸ ਦੀ ਕਮੀ ਆ ਸਕਦੀ ਹੈ।

Add a Comment

Your email address will not be published. Required fields are marked *